ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ
(ਸ਼ਹੀਦੀ 28 ਫਰਵਰੀ 1993 )
ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ ਦਾ ਜਨਮ ਪਿਤਾ ਸ੍ਰ: ਆਤਮਾ ਸਿੰਘ ਜੀ ਦੇ ਘਰ ਮਾਤਾ ਗੁਰਮੇਜ ਕੌਰ ਜੀ ਦੀ ਕੁੱਖੋਂ ਸੰਨ 1954 ਵਿਚ ਪਿੰਡ ਮਾਨੋਚਾਹਲ, ਜ਼ਿਲਾ ਅੰਮ੍ਰਿਤਸਰ ਵਿਖੇ ਹੋਇਆ। ਬਾਬਾ ਜੀ ਦੇ ਭੈਣਾਂ ਤੇ ਭਰਾਵਾਂ ਵਿਚ ਭੈਣ ਬਲਜੀਤ ਕੌਰ ਤੇ ਭਰਾ ਸ਼ਹੀਦ ਨਿਰਵੈਰ ਸਿੰਘ, ਤਰਲੋਚਨ ਸਿੰਘ ਤੇ ਨਰਿੰਦਰ ਸਿੰਘ ਸਨ। ਬਾਬਾ ਮਾਨੋਚਾਹਲ ਨੇ ਦਸਵੀਂ ਤੱਕ ਦੀ ਵਿਦਿਆ ਪਿੰਡ ਚੋਂ ਹੀ ਪ੍ਰਾਪਤ ਕੀਤੀ। ਆਪ ਜੀ ਬਚਪਨ ਤੋਂ ਹੀ ਧਾਰਮਿਕ ਵਿਚਾਰਾਂ ਦੇ ਧਾਰਨੀ ਸਨ। ਧਾਰਮਿਕ ਵਿਚਾਰਾਂ ਤੇ ਜੁਝਾਰੂ ਜਜ਼ਬੇ ਦੇ ਧਾਰਨੀ ਹੋਣ ਕਾਰਨ ਲੋਕਾਂ ਤੇ ਸੱਜਣਾਂ-ਮਿੱਤਰਾਂ ਵੱਲੋਂ ਗੁਰਬਚਨ ਸਿੰਘ ਜੀ ਦੇ ਨਾਂ ਨਾਲ ਬਾਬਾ ਤਖ਼ੱਲਸ ਜੋਡ਼ਿਆ ਗਿਆ ਸੀ।ਸੰਨ 1975-76 ਵਿਚ ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਦਮਦਮੀ ਟਕਸਾਲ ਦੇ ਤੇਰਵੇਂ ਮੁਖੀ ਸੰਤ ਗਿ: ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਜੱਥੇ ਵਿਚ ਸ਼ਾਮਲ ਹੋ ਗਏ ਤੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਗੁਰਸਿੱਖੀ ਜੀਵਨ ਵਿਚ ਪ੍ਰਪੱਕ ਹੋ ਗਏ। ਸੰਤ ਗਿ: ਕਰਤਾਰ ਸਿੰਘ ਜੀ ਖ਼ਾਲਸਾ ਦੀ ਰਹਿਨੁਮਾਈ ਵਿਚ ਰਹਿੰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਸੰਥਿਆ ਹਾਸਲ ਕੀਤੀ। ਗੁਰਬਾਣੀ ਦੀ ਕਥਾ ਕਰਨ ਦੀ ਸੰਥਿਆ ਪ੍ਰਾਪਤ ਕੀਤੀ ਤੇ ਇੱਕ ਉਚ ਕੋਟੀ ਦੇ ਪ੍ਰਚਾਰਕ ਬਣ ਗਏ। ਇਸ ਤੋਂ ਬਾਅਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ ਫ਼ੌਜ ਵਿਚ ਭਰਤੀ ਹੋ ਗਏ। ਕੁਝ ਸਮੇਂ ਬਾਅਦ ਸਿੱਖ ਰਹੁਰੀਤਾਂ ਦੇ ਪੂਰਨ ਰੂਪ ਵਿਚ ਧਾਰਨੀ ਹੋਣ ਕਾਰਨ ਫ਼ੌਜ ਦੇ ਅਫ਼ਸਰ ਨਾਲ ਤਕਰਾਰ ਹੋ ਗਿਆ ਤੇ ਉਸ ਨੂੰ ਮੌਕੇ ’ਤੇ ਹੀ ਸਬਕ ਸਿਖਾ ਦਿੱਤਾ ਤੇ ਉਸ ਤੋਂ ਬਾਅਦ ਆਪ ਫ਼ੌਜ ਦੀ ਨੌਕਰੀ ਛੱਡ ਕੇ ਘਰ ਵਾਪਸ ਆ ਗਏ। ਘਰ ਵਾਪਸ ਆ ਕੇ ਆਪ ਸੰਤ ਗਿ: ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਕੋਲ ਰਹਿੰਦਿਆਂ ਹੋਇਆਂ ਸੇਵਾ ਕਰਨ ਲੱਗੇ।
ਸੰਤ ਗਿ: ਕਰਤਾਰ ਸਿੰਘ ਜੀ ਖ਼ਾਲਸਾ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਉਹ ਸੰਤ ਗਿ: ਜਰਨੈਲ ਸਿੰਘ ਜੀ ਖ਼ਾਲਸਾ ਦੇ ਨੇਡ਼ੇ ਆ ਗਏ। 13 ਅਪਰੈਲ 1978 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਨਰਕਧਾਰੀਆਂ ਵੱਲੋਂ ਸਰਕਾਰੀ ਸ਼ਹਿ ’ਤੇ ਕੀਤੇ ਗਏ ਸਿੱਖ ਕਤਲੇਆਮ, ਜਿਸ ਵਿਚ 13 ਸਿੰਘ ਸ਼ਹੀਦ ਹੋ ਗਏ ਸਨ ਤੇ 150 ਦੇ ਕਰੀਬ ਸਖ਼ਤ ਜ਼ਖ਼ਮੀ ਹੋ ਗਏ ਸਨ, ਇਨਾਂ ਜ਼ਖ਼ਮੀ ਹੋਣ ਵਾਲੇ ਸਿੰਘਾਂ ਵਿਚ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ ਵੀ ਸ਼ਾਮਲ ਸਨ। 9 ਸਤੰਬਰ 1981 ਨੂੰ ਸਿੱਖਾਂ ਦੇ ਕੱਟਡ਼ ਵਿਰੋਧੀ ਅਤੇ ਨਰਕਧਾਰੀ ਮਿਸ਼ਨ ਦੇ ਪੱਕੇ ਹਮਾਇਤੀ ਲਾਲਾ ਜਗਤ ਨਾਰਾਇਣ ਦਾ ਭਾਈ ਸਵਰਨ ਸਿੰਘ ਰੋਡੇ ਤੇ ਭਾਈ ਨਛੱਤਰ ਸਿੰਘ ਰੋਡੇ ਹੁਣਾਂ ਨੇ ਕਤਲ ਕਰ ਦਿੱਤਾ। ਇਸ ਕਤਲ ਦੇ ਸਬੰਧ ਵਿਚ ਸਰਕਾਰ ਤੇ ਪੁਲਿਸ ਵੱਲੋਂ ਸੰਤ ਗਿ: ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਵਾਰੰਟ ਜਾਰੀ ਕੀਤੇ ਗਏ। ਇਨੀਂ ਦਿਨੀਂ ਸੰਤ ਜੀ ਹਰਿਆਣਾ ਦੇ ਚੰਦੋ ਕਲਾਂ ਪਿੰਡ ਵਿਚ ਗੁਰਮਤਿ ਦੇ ਪ੍ਰਚਾਰ ਲਈ ਗਏ ਹੋਏ ਸਨ। ਪੰਜਾਬ ਸਰਕਾਰ ਤੇ ਪੁਲਿਸ ਨੇ ਹਰਿਆਣਾ ਪੁਲਿਸ ਅਤੇ ਕੇਂਦਰੀ ਫ਼ੋਰਸਾਂ ਦੀ ਮੱਦਦ ਨਾਲ ਸੰਤ ਗਿ: ਜਰਨੈਲ ਸਿੰਘ ਜੀ ਖ਼ਾਲਸਾ ਨੂੰ ਪੁਲਿਸ ਨਾਲ ਮੁੱਠਭੇਡ਼ ਮੁਕਾਬਲਾ ਖ਼ਤਮ ਕਰਨ ਦੀ ਸਕੀਮ ਬਣਾਈ ਤੇ ਚੰਦੋ ਕਲਾਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਘੇਰਾ ਪਾ ਲਿਆ। ਜਿਸ ਦੀ ਸੂਹ ਸੰਤਾਂ ਨੂੰ ਪਹਿਲਾਂ ਹੀ ਮਿਲ ਗਈ ਸੀ। 10 ਸਤੰਬਰ 1981 ਦੀ ਰਾਤ ਨੂੰ ਸੰਤ ਗਿ: ਜਰਨੈਲ ਸਿੰਘ ਜੀ ਖ਼ਾਲਸਾ ਪੰਜਾਂ ਸਿੰਘਾਂ ਦਾ ਹੁਕਮ ਮੰਨ ਕੇ ਚੰਦੋ ਕਲਾਂ ਵਿਖੇ ਆਪਣੇ ਕਮਰੇ ਵਿਚ ਆਪਣੀ ਲੋਈ ਤੇ ਸ੍ਰੀ ਸਾਹਿਬ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਨੂੰ ਦੇ ਕੇ ਤੇ ਆਪਣੇ ਆਸਣ ਉਤੇ ਬਿਠਾ ਕੇ, ਚੁੱਪ-ਚੁੱਪੀਤੇ 30 ਹਜ਼ਾਰ ਪੁਲਿਸ ਦੇ ਘੇਰੇ ਵਿਚੋਂ ਬਚ ਕੇ ਨਿਕਲ ਗਏ ਅਤੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ ਪਹੁੰਚ ਗਏ।
ਚੰਦੋ ਕਲਾਂ ਦੇ ਘੇਰੇ ਦੀ ਅਗਵਾਈ ਪੁਲਿਸ ਕਪਤਾਨ ਡੀ.ਆਰ.ਭੱਟੀ ਕਰ ਰਿਹਾ ਸੀ। ਉਸ ਨੇ ਪਹਿਲਾਂ ਹੀ ਚੰਦੋ ਕਲਾਂ ਵਿਚ ਸੰਤਾਂ ’ਤੇ ਨਿਗਾਹ ਰੱਖਣ ਲਈ ਸੀ.ਆਈ.ਡੀ. ਦੀ ਡਿਊਟੀ ਲਾਈ ਹੋਈ ਸੀ। ਦਮਦਮੀ ਟਕਸਾਲ ਦੇ ਸਿੰਘਾਂ ਨੇ ਸੰਤਾਂ ਦੇ ਚੰਦੋ ਕਲਾਂ ’ਚੋਂ ਨਿਕਲ ਜਾਣ ’ਤੇ ਵੀ ਭੇਦ ਨਹੀਂ ਸੀ ਖੁੱਲਣ ਦਿੱਤਾ। ਦਮਦਮੀ ਟਕਸਾਲ ਦੇ ਸਿੰਘ ਸਮਾਗਮ ਵਿਚ ਕਥਾ ਤੇ ਕੀਰਤਨ ਦਾ ਪ੍ਰਵਾਹ ਚਲਾ ਰਹੇ ਸਨ ਤੇ ਸੰਤਾਂ ਦੀ ਸਿਹਤ ਢਿੱਲੀ ਹੋਣ ਦਾ ਬਹਾਨਾ ਲਾ ਕੇ, ਸੰਤਾਂ ਨੂੰ ਦਵਾਈ ਦੇਣ ਦਾ ਵਿਖਾਵਾ ਕਰ ਰਹੇ ਸਨ। ਸਿੰਘ, ਸੰਤ ਜੀ ਦੀ ਥਾਂ ’ਤੇ ਕਮਰੇ ਵਿਚ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ ਦੀਆਂ ਲੱਤਾਂ-ਬਾਹਾਂ ਘੁੱਟ ਰਹੇ ਸਨ ਤੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਸੰਤ ਜਰਨੈਲ ਸਿੰਘ ਜੀ ਵਾਲੀ ਲੋਈ ਉਪਰ ਲੈ ਕੇ ਪਏ ਰਹੇ। 12 ਸਤੰਬਰ 1981 ਨੂੰ ਪੰਜਾਬ ਪੁਲਿਸ, ਹਰਿਆਣਾ ਪੁਲਿਸ ਤੇ ਕੇਂਦਰੀ ਫ਼ੋਰਸਾਂ ਨੇ ਚੰਦੋ ਕਲਾਂ ਦੇ ਗੁਰਮਤਿ ਸਮਾਗਮ ਵਾਲੇ ਸਥਾਨ ’ਤੇ ਹੱਲਾ ਬੋਲ ਕੇ ਸੰਤਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਦੇ ਕਮਾਂਡੋ ਕਮਰੇ ਵਿਚ ਸੰਤਾਂ ਦੀ ਥਾਂ ਬਾਬਾ ਮਾਨੋਚਾਹਲ ਨੂੰ ਵੇਖ ਕੇ ਉਨਾਂ ਦੀ ਅੱਖਾਂ ਟੱਡੀਆਂ ਹੀ ਰਹਿ ਗਈਆਂ।ਬਾਬਾ ਗੁਰਬਚਨ ਸਿੰਘ ਮਾਨੋਚਾਹਲ ਸੰਤ ਗਿ: ਜਰਨੈਲ ਸਿੰਘ ਜੀ ਖ਼ਾਲਸਾ ਦੇ ਅਤਿ ਨਿਕਟਵਰਤੀ ਸਿੰਘਾਂ ਵਿਚੋਂ ਇੱਕ ਸਨ ਤੇ ਸੰਤਾਂ ਦੇ ਹੁਕਮ ਵਿਚ ਰਹਿ ਕੇ ਹੀ ਹਰ ਤਰਾਂ ਦੀ ਸੇਵਾ ਕਰ ਰਹੇ ਸਨ। ਕਦੇ ਵੀ ਆਪਣੇ ਨਾਂ ’ਤੇ ਸੇਵਾਵਾਂ ਨੂੰ ਲੋਕਾਂ ਵਿਚ ਪ੍ਰਚਾਰਨ ਦੀ ਕੋਸ਼ਿਸ਼ ਨਹੀਂ ਕੀਤੀ ਸਗੋਂ ਹਮੇਸ਼ਾਂ ਆਪਣੇ ਕਾਰਜ ਖੇਤਰ ਨੂੰ ਬਹੁਤ ਹੀ ਗੁਪਤ ਰੂਪ ਵਿਚ ਜਾਰੀ ਰੱਖਿਆ। ਧਰਮ ਯੁੱਧ ਮੋਰਚੇ ਦੌਰਾਨ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਪਿੰਡ ਨੁਸ਼ਿਹਰਾ ਪਨੂੰਆਂ ਵਿਖੇ ਰਹਿਣ ਲੱਗ ਪਏ ਸਨ। ਆਪ ਜੀ ਦਾ ਨਾਨਕਾ ਪਰਿਵਾਰ ਵਿਦੇਸ਼ ਚਲਾ ਗਿਆ ਸੀ ਤੇ ਆਪ ਜੀ ਉਨਾਂ ਦੀ ਜ਼ਮੀਨ ’ਤੇ ਖੇਤੀ ਕਰਦੇ ਸਨ। ਪਿਤਾ ਸ੍ਰ: ਆਤਮਾ ਸਿੰਘ ਜੀ ਨੇ ਚਾਰ ਸਪੁੱਤਰਾਂ ਸਮੇਤ ਨੁਸ਼ਿਹਰਾ ਪਨੂੰਆਂ ਵਿਖੇ ਥਾਂ ਮੁੱਲ ਲੈ ਕੇ ਘਰ ਬਣਾ ਲਿਆ ਸੀ ਪਰ ਫਿਰ ਵੀ ਬਾਬਾ ਗੁਰਬਚਨ ਸਿੰਘ ਜੀ ਦੇ ਨਾਂ ਨਾਲ ਮਾਨੋਚਾਹਲ ਤਖ਼ੱਲਸ ਜੁਡ਼ਿਆ ਰਿਹਾ।
ਸੰਤ ਗਿ: ਜਰਨੈਲ ਸਿੰਘ ਜੀ ਖ਼ਾਲਸਾ ਨੇ ਸ੍ਰੀ ਦਰਬਾਰ ਸਾਹਿਬ ਤੋਂ ਬਾਹਰ ਜਾਣ ਦਾ ਹੁਕਮ ਕਰਦਿਆਂ ਕਿਹਾ ਸੀ ਕਿ ਬਾਬਾ ਗੁਰਬਚਨ ਸਿੰਘ, ਤੇਰੇ ਤੋਂ ਅਸੀਂ ਸਿੱਖ ਸੰਘਰਸ਼ ਵਿਚ ਬਹੁਤ ਸਾਰੀ ਸੇਵਾ ਲੈਣੀ ਹੈ, ਸਾਡੇ ਸੁਨੇਹਾ ਭੇਜਣ ’ਤੇ ਹੀ ਤੁਸੀਂ ਸਾਨੂੰ ਮਿਲਣ ਆਉਣਾ ਹੈ, ਤੁਸੀਂ ਘਰ ਜਾ ਕੇ ਗੁਰਬਾਣੀ ਤੇ ਪੰਥ ਨਾਲ ਜੁਡ਼ੇ ਰਹਿਣਾ। ਜੂਨ 1984 ਦੇ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸਿੰਘਾਂ ਨੂੰ ਸ਼ਰਧਾਜਲੀ ਭੇਟ ਕਰਨ ਅਤੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਸਨਮਾਨਤ ਕਰਨ ਲਈ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਇੱਕ ਸ਼ਹੀਦੀ ਸਮਾਗਮ ਕੀਤਾ, ਜਿਸ ਵਿਚ ਖਿੰਡੇ-ਪੁੰਡੇ ਸਿੱਖ ਯੋਧੇ ਪਹਿਲੀ ਵਾਰ ਇੱਕ ਥਾਂ ਇਕੱਠੇ ਹੋਏ। ਇਹ ਸਾਰਾ ਸਿਹਰਾ ਵੀ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਤੇ ਸੁਖਦੇਵ ਸਿੰਘ ਸਖੀਰਾ (ਬਾਬਾ ਠਾਕੁਰ ਸਿੰਘ ਜੀ ਦੀ ਅਗਵਾਈ ਹੇਠ) ਦੇ ਸਿਰ ਜਾਂਦਾ ਹੈ। ਇਸ ਇਕੱਠ ਵਿਚ ਹੀ ਸਿੰਘਾਂ ਆਪਣੀ ਅਗਲੀ ਰਣਨੀਤੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਕਾਰ ਸੇਵਾ ਆਰੰਭ ਕਰਨ ਲਈ ਦਮਦਮੀ ਟਕਸਾਲ, ਸਿੱਖ ਸਟੂਡੈਂਟਸ ਫ਼ੈਡਰੇਸ਼ਨ, ਸੰਯੁਕਤ ਅਕਾਲੀ ਦਲ ਤੇ ਸਿੱਖ ਸੰਪਰਦਾਵਾਂ ਦੇ ਸਹਿਯੋਗ ਨਾਲ 26 ਜਨਵਰੀ 1986 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਰਬੱਤ ਖ਼ਾਲਸਾ ਦਾ ਇਕੱਠ ਸੱਦਣ ਦਾ ਐਲਾਨ ਕੀਤਾ। ਸਰਬੱਤ ਖ਼ਾਲਸਾ ਦੇ ਇਸ ਇਕੱਠ ਵਿਚ ਦਮਦਮੀ ਟਕਸਾਲ ਵੱਲੋਂ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜੱਥੇਦਾਰ ਨਿਯੁਕਤ ਕਰਨ ਦਾ ਮਤਾ ਪੇਸ਼ ਕੀਤਾ ਗਿਆ, ਜਿਸ ਨੂੰ ਸਰਬੱਤ ਖ਼ਾਲਸਾ ਦੇ ਇਕੱਠ ਨੇ ਹੱਥ ਖਡ਼ੇ ਕਰ ਕੇ ਪ੍ਰਵਾਨਗੀ ਦਿੱਤੀ। ਇਸ ਮੌਕੇ ਹੀ ਕੌਮੀ ਮਸਲੇ ਹੱਲ ਕਰਨ ਲਈ ਤੇ ਸਿੱਖ ਸੰਘਰਸ਼ ਨੂੰ ਅਗਵਾਈ ਦੇਣ ਲਈ ਦਮਦਮੀ ਟਕਸਾਲ, ਸਿੱਖ ਸਟੂਡੈਂਟਸ ਫ਼ੈਡਰੇਸ਼ਨ ਤੇ ਸੰਯੁਕਤ ਅਕਾਲੀ ਦਲ ਨੇ ਸਰਬ-ਸੰਮਤੀ ਨਾਲ ਪੰਜ ਮੈਂਬਰੀ ਪੰਥਕ ਕਮੇਟੀ ਦਾ ਐਲਾਨ ਕੀਤਾ, ਜਿਸ ਵਿਚਲੇ ਪੰਜ ਮੈਂਬਰਾਂ ਵਿਚ ਬਾਬਾ ਮਾਨੋਚਾਹਲ ਜੀ ਵੀ ਸ਼ਾਮਲ ਸਨ।
ਇਸ ਪੰਜ ਮੈਂਬਰੀ ਪੰਥਕ ਕਮੇਟੀ ਨੇ ਹੀ 29 ਅਪ੍ਰੈਲ 1986 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੱਤਰਕਾਰ ਕਾਨਫ਼ਰੰਸ ਸੱਦ ਕੇ ਖ਼ਾਲਿਸਤਾਨ ਦੇ ਸੰਘਰਸ਼ ਦਾ ਐਲਾਨ ਕੀਤਾ। ਬਾਬਾ ਗੁਰਬਚਨ ਸਿੰਘ ਮਾਨੋਚਾਹਲ ਪੰਥਕ ਕਮੇਟੀ ਦੇ ਬਾਨੀ ਮੰਨੇ ਜਾਂਦੇ ਸਨ।ਪੰਥਕ ਕਮੇਟੀ ਮੈਂਬਰ ਦੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ, ਨਾਲ ਹੀ ਬਾਬਾ ਜੀ ਨੇ ਭਿੰਡਰਾਂਵਾਲਾ ਟਾਈਗਰਜ਼ ਫ਼ੋਰਸ ਦੀ ਸਥਾਪਨਾ ਵੀ ਕੀਤੀ, ਜਿਸ ਦਾ ਮਿਸ਼ਨ ਹਿੰਦੋਸਤਾਨੀ ਸੁਰੱਖਿਆ ਫ਼ੋਰਸਾਂ ਨਾਲ ਟੱਕਰ ਲੈਣੀ ਅਤੇ ਗੁਰੀਲਾ ਜੰਗ ਦੇ ਦਾਅ-ਪੇਚਾਂ ’ਤੇ ਆਧਾਰਿਤ ਖ਼ਾਲਿਸਤਾਨ ਦੀ ਸਥਾਪਨਾ ਲਈ ਸਿੱਖ ਜੱਦੋ-ਜਹਿਦ ਨੂੰ ਤੇਜ਼ ਕਰਨਾ ਸੀ। ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੀ ਅਗਵਾਈ ਹੇਠ ਬਡ਼ੇ-ਬਡ਼ੇ ਇਨਾਮੀ ਸੂਰਮਿਆਂ ਨੇ ਦਲੇਰਾਨਾ ਖਾਡ਼ਕੂ ਕਾਰਵਾਈਆਂ ਨਾਲ ਸੂਰਮਗਤੀ ਤੇ ਬਹਾਦਰੀ ਦੀਆਂ ਸਿਖਰਾਂ ਨੂੰ ਛੋਹਿਆ ਹੈ। ਭਾਈ ਸੁਖਵਿੰਦਰ ਸਿੰਘ ਸੰਘਾ, ਭਾਈ ਬਿਕਰਮਜੀਤ ਸਿੰਘ ਨਾਰਲਾ, ਭਾਈ ਸੁਰਜੀਤ ਸਿੰਘ ਬਹਿਲਾ, ਭਾਈ ਬਲਵਿੰਦਰ ਸਿੰਘ ਰਾਮਦੀਵਾਲੀ, ਭਾਈ ਭੁਪਿੰਦਰ ਸਿੰਘ ਕੰਮੋਕੇ, ਭਾਈ ਸਤਨਾਮ ਸਿੰਘ ਛੀਨਾ, ਭਾਈ ਕਾਰਜ ਸਿੰਘ ਥਾਂਦੇ, ਭਾਈ ਸੁਰਜੀਤ ਸਿੰਘ ਪੈਂਟਾ, ਭਾਈ ਦਇਆ ਸਿੰਘ ਚੋਹਲਾ ਸਾਹਿਬ, ਭਾਈ ਸਵਰਨਜੀਤ ਸਿੰਘ ਅੱਲਾਦੀਨਪੁਰ, ਭਾਈ ਬੂਟਾ ਸਿੰਘ ਸੁਰਸਿੰਘ ਵਾਲਾ, ਭਾਈ ਸਤਨਾਮ ਸਿੰਘ ਚੰਗਿਆਡ਼ਾ ਜਿਹੇ ਬਹਾਦਰ ਸੂਰਮੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੇ ਸੰਪਰਕ ਵਿਚ ਆਉਣ ਨਾਲ ਜੁਝਾਰੂ ਜਰਨੈਲਾਂ ਦੀਆਂ ਪਦਵੀਆਂ ਪ੍ਰਾਪਤ ਕਰ ਕੇ, ਸਿੱਖ ਜੱਦੋ-ਜਹਿਦ ਵਿਚ ਜੂਝਦੇ ਹੋਏ ਸਿੱਖ ਇਤਿਹਾਸ ਦੇ ਨਾਇਕਾਂ ਵਜੋਂ ਪ੍ਰਵਾਨ ਚਡ਼ੇ ਹਨ।
ਸੰਨ 1985 ਤੱਕ ਆਪ ਜੀ ਦਾ ਨਾਮ ਸਿੱਖ ਸੰਘਰਸ਼ ਵਿਚ ਕਿਧਰੇ ਨਹੀਂ ਲਿਆ ਜਾਂਦਾ ਸੀ ਪਰ 1985 ਦੇ ਅਖੀਰ ਵਿਚ ਪਿੰਡ ਮਾਨੋਚਾਹਲ ਦੀ ਬੰਬੀ ’ਤੇ ਹੋਏ ਮੁਕਾਬਲੇ ਤੋਂ ਬਾਅਦ ਆਪ ਜੀ ਦਾ ਨਾਮ ਪਹਿਲੀ ਕਤਾਰ ਦੇ ਖਾਡ਼ਕੂਆਂ ਵਿਚ ਲਿਆ ਜਾਣ ਲੱਗਾ। ਇਸ ਤੋਂ ਬਾਅਦ ਆਪ ਜੀ ਦੀ ਸੁਰੱਖਿਆਂ ਫ਼ੋਰਸਾਂ ਨਾਲ ਲੁਕਣਮੀਚੀ ਚਲਦੀ ਰਹੀ। ਕਦੀ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਤੇ ਨਾਲ ਦੇ ਜੁਝਾਰੂ ਸਿੰਘ ਅਚਨਚੇਤ ਅਸਮਾਨੀ ਬਿਜਲੀ ਵਾਂਗ ਸੁਰੱਖਿਆ ਫ਼ੋਰਸਾਂ ’ਤੇ ਹਮਲਾ ਕਰਦੇ ਤੇ ਹਰਨ ਹੋ ਜਾਂਦੇ। ਕਦੀ ਸੁਰੱਖਿਆ ਫ਼ੋਰਸਾਂ ਹਜ਼ਾਰਾਂ ਦੀ ਗਿਣਤੀ ਵਿਚ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੇ ਛਿਪਣ ਵਾਲੇ ਟਿਕਾਣਿਆਂ ਨੂੰ ਆ ਘੇਰਦੀਆਂ, ਜ਼ਬਰਦਸਤ ਮੁਕਾਬਲੇ ਹੁੰਦੇ। ਅਗਲੇ ਦਿਨ ਅਖ਼ਬਾਰਾਂ ਵਿਚ ਬਾਬਾ ਮਾਨੋਚਾਹਲ ਦੇ ਘੇਰਾ ਤੋਡ਼ ਕੇ ਨਿਕਲ ਜਾਣ ਤੇ ਪਿੰਡ ਰਟੌਲ ਵਿਖੇ ਹੋਏ ਗਹਿ-ਗੱਚ ਮੁਕਾਬਲੇ, ਜਿਸ ਵਿਚ ਸੁਰੱਖਿਆ ਫ਼ੋਰਸਾਂ ਤੇ ਡੀ.ਆਈ.ਜੀ. ਬਾਰਡਰ ਰੇਂਜ ਅਜੀਤ ਸਿਹੁੰ ਦੇ ਮਾਰੇ ਜਾਣ ਦੀਆਂ ਖ਼ਬਰਾਂ ਨਾਲ ਭਰੀਆਂ ਹੁੰਦੀਆਂ। ਨਿੱਤ ਦਿਨ ਬਾਬਾ ਮਾਨੋਚਾਹਲ ਦੀ ਸੁਰੱਖਿਆ ਫ਼ੋਰਸਾਂ ਨਾਲ ਝਡ਼ਪ ਹੁੰਦੀ ਤੇ ਘੇਰਾ ਤੋਡ਼ ਕੇ ਨਿਕਲ ਜਾਣ ਦੀ ਚਰਚਾ ਹੁੰਦੀ ਰਹਿੰਦੀ। ਸਰਕਾਰ ਨੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੀ ਗ੍ਰਿਫ਼ਤਾਰੀ ਲਈ 40 ਲੱਖ ਰੁਪਏ ਦਾ ਇਨਾਮ ਰੱਖ ਦਿੱਤਾ। ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੀ ਜੁਝਾਰੂਆਂ ਨੂੰ ਇਹ ਸਖ਼ਤ ਹਦਾਇਤ ਸੀ ਕਿ ਪ੍ਰਸ਼ਾਦਾ ਪਾਣੀ ਛਕਣ ਤੇ ਕਿਸੇ ਦੇ ਕਹੇ ਉਤੇ ਕਿਸੇ ਦੇ ਨਿੱਜੀ ਝਗਡ਼ੇ ਵਿਚ ਦਖ਼ਲ ਨਹੀਂ ਦੇਣਾ। ਕਿਸੇ ਨਿਰਦੋਸ਼ ਦਾ ਖ਼ੂਨ ਨਹੀਂ ਵਹਾਉਣਾ, ਕਿਸੇ ਗ਼ਰੀਬ ਨਾਲ ਨਾ ਧੱਕੇਸ਼ਾਹੀ ਕਰਨੀ ਹੈ ਤੇ ਨਾ ਹੀ ਹੋਣ ਦੇਣੀ ਹੈ। ਸ਼ਸਤਰਾਂ ਦੀ ਵਰਤੋਂ ਮਜ਼ਲੂਮਾਂ ਦੀ ਰੱਖਿਆ ਤੇ ਦੁਸ਼ਟਾਂ ਦੀ ਭੱਖਿਆ ਲਈ ਹੀ ਕਰਨੀ ਹੈ।
ਆਪ ਅਕਸਰ ਕਿਹਾ ਕਰਦੇ ਕਿ ਅਸੀਂ ਸਿੱਖ ਕੌਮ ਦੀ ਆਜ਼ਾਦੀ ਦੀ ਲਡ਼ਾਈ ਲਡ਼ ਰਹੇ ਹਾਂ, ਆਜ਼ਾਦੀ ਲੈ ਕੇ ਹੀ ਰਹਾਂਗੇ। ਆਜ਼ਾਦੀ ਦੀ ਮੰਗ ਕਰਨਾ ਤੇ ਇਸ ਦੀ ਪ੍ਰਾਪਤੀ ਲਈ ਜੱਦੋ-ਜਹਿਦ ਕਰਨਾ ਸਾਡਾ ਕਾਨੂੰਨੀ ਤੇ ਜਮਾਂਦਰੂ ਹੱਕ ਹੈ। ਅਸੀਂ ਕਿਸੇ ਦੀ ਆਜ਼ਾਦੀ ਖੋਹਣੀ ਨਹੀਂ ਚਾਹੁੰਦੇ ਤੇ ਖ਼ਾਲਸਾ ਰਾਜ ਵਿਚ ਸਾਰੇ ਧਰਮਾਂ ਦੇ ਲੋਕਾਂ ਨੂੰ ਆਜ਼ਾਦੀ ਨਾਲ ਜਿਊਣ ਦਾ ਪੂਰਾ-ਪੂਰ ਹੱਕ ਹੋਵੇਗਾ।1989 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਨੇ ਦੂਰ-ਅੰਦੇਸ਼ੀ ਤੋਂ ਕੰਮ ਲੈਂਦਿਆਂ ਭਾਈ ਮਨਜੀਤ ਸਿੰਘ, ਪ੍ਰਧਾਨ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੂੰ ਸਿਆਸੀ ਜੱਥੇਬੰਦੀ ਦੇ ਤੌਰ ’ਤੇ ਚੋਣਾਂ ਵਿਚ ਪੰਥਕ ਉਮੀਦਵਾਰ ਖਡ਼ੇ ਕਰਨ ਲਈ ਕਿਹਾ ਤੇ ਸਪੱਸ਼ਟ ਐਲਾਨ ਕੀਤਾ ਕਿ ਇਨਾਂ ਚੋਣਾਂ ਵਿਚ ਜਿੱਤ ਪ੍ਰਾਪਤ ਕਰ ਕੇ ਲੋਕਾਂ ਨੂੰ ਖ਼ਾਲਿਸਤਾਨ ਦਾ ਨਕਸ਼ਾ ਵਿਖਾਉਣਾ ਹੈ ਕਿ ਸਾਡਾ ਖ਼ਾਲਸਾ ਰਾਜ ਕਿਹੋ ਜਿਹਾ ਹੋਵੇਗਾ। ਇਨਾਂ ਚੋਣਾਂ ਦੀ ਜਿੱਤ ਸਾਡੇ ਸੰਘਰਸ਼ ਦਾ ਪਡ਼ਾਅ ਹੋਵੇਗੀ ਪਰ ਮੰਜ਼ਲ ਸਾਡੀ ਆਜ਼ਾਦ ਖ਼ਾਲਸਾ ਰਾਜ ਹੀ ਹੋਵੇਗਾ। ਇਨਾਂ ਚੋਣਾਂ ਵਿਚ ਡਾ: ਸੋਹਣ ਸਿੰਘ ਵਾਲੀ ਪੰਥਕ ਕਮੇਟੀ ਵੀ ਹਮਾਇਤ ਕਰਨ ਦੇ ਹੱਕ ਵਿਚ ਸੀ। ਕਿਹਾ ਜਾਂਦਾ ਹੈ ਕਿ ਭਾਈ ਸੁਖਦੇਵ ਸਿੰਘ ਦਾਸੂਵਾਲ ਦੇ ਮੂੰਹੋਂ ਇੱਕ ਵਾਰ ਨਾਂਹ ਨਿਕਲ ਗਈ ਤੇ ਉਸ ਦੇ ਅਡ਼ੀ ਕਰਨ ’ਤੇ ਡਾ: ਸੋਹਨ ਸਿੰਘ ਵਾਲੀ ਪੰਥਕ ਕਮੇਟੀ ਨੂੰ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕਰਨਾ ਪਿਆ। ਜਿਸ ਨੂੰ ਬਾਅਦ ਵਿਚ ਬਹੁਤ ਵੱਡੀ ਗ਼ਲਤੀ ਵਜੋਂ ਮੰਨਿਆ ਗਿਆ। ਉਸ ਤੋਂ ਬਾਅਦ ਕਾਂਗਰਸ ਪਾਰਟੀ ਚੋਣ ਅਖਾਡ਼ੇ ਵਿਚ ਉਤਰੀ ਤਾਂ ਜੁਝਾਰੂ ਸਿੰਘਾਂ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕਰ ਕੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੀ ਕੋਈ ਪੇਸ਼ ਨਾ ਜਾਣ ਦਿੱਤੀ। ਬਾਬਾ ਮਾਨੋਚਾਹਲ ਕਹਿੰਦੇ ਰਹੇ ਕਿ ਜਿਹਡ਼ੇ ਅੱਜ ਸਾਨੂੰ ਘਰਾਂ ਵਿਚ ਚਰਨ ਪਾਉਣ ਲਈ ਤਰਲੇ ਕਰਦੇ ਨੇ, ਜੇ ਇਹ ਰਾਜ ਭਾਗ ’ਤੇ ਕਾਬਜ਼ ਹੋ ਗਏ ਤਾਂ ਇਹਨਾਂ ਬੂਹੇ ਖਡ਼ਕਾਇਆਂ ਨਹੀਂ ਖੋਲਣੇ ਤੇ ਇਹਨਾਂ ਸਾਡੀ ਜਾਨ ਦੇ ਵੈਰੀ ਬਣ ਜਾਣਾ ਹੈ।ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੀ ਭਵਿੱਖਬਾਣੀ ਸੱਚ ਸਾਬਤ ਹੋਈ। ਖਾਡ਼ਕੂ ਸਿੰਘਾਂ ਵੱਲੋਂ ਚੋਣਾਂ ਦਾ ਬਾਈਕਾਟ ਕਰਨ ਦੇ ਕਾਰਨ ਸਿਰਫ 6% ਵੋਟਾਂ ਨਾਲ ਕਾਂਗਰਸ ਸਰਕਾਰ ਹੋਂਦ ਵਿਚ ਆਈ, ਜਿਸ ਦਾ ਮੁੱਖ ਮੰਤਰੀ ਬੇਅੰਤਾ ਬੁੱਚਡ਼ ਬਣਿਆ।
ਪੰਜਾਬ ਪੁਲਿਸ ਦੇ ਮੁਖੀ ਕੇ.ਪੀ.ਐਸ.ਗਿੱਲ ਅਤੇ ਬੇਅੰਤੇ ਦੀ ਬੁੱਚਡ਼ ਜੋਡ਼ੀ ਨੇ ਜਿਹਡ਼ੀ ਵਾਢੀ ਸਿੱਖਾਂ ਦੇ ਸਿਰਾਂ ਦੀ ਪਾਈ, ਜੋ ਜ਼ੁਲਮ ਸਿੱਖਾਂ ਉਪਰ ਇਨਾਂ ਜੱਲਾਦਾਂ ਨੇ ਕੀਤੇ ਉਨਾਂ ਨੇ ਜ਼ਕਰੀਆ ਖ਼ਾਨ, ਮੀਰ ਮੰਨੂੰ, ਯਾਹੀਆ ਖ਼ਾਂ, ਫ਼ਰੁਖ਼ਸੀਅਰ ਅਤੇ ਔਰੰਗਜ਼ੇਬ ਦੀ ਹਕੂਮਤ ਸਮੇਂ ਹੋਏ ਜ਼ੁਲਮਾਂ ਨੂੰ ਵੀ ਮਾਤ ਪਾ ਦਿੱਤਾ।ਬੇਅੰਤੇ ਅਤੇ ਉਸ ਦੇ ਸਾਥੀ ਬੁੱਚਡ਼ ਕੇ.ਪੀ.ਐਸ.ਗਿੱਲ ਨੇ ਖਾਡ਼ਕੂ ਸਿੰਘਾਂ ਦੇ ਪਰਿਵਾਰਾਂ ਨੂੰ ਖ਼ਤਮ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਤਾਂ ਇਸੇ ਨੀਤੀ ਅਨੁਸਾਰ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੇ ਨੁਸ਼ਿਹਰਾ ਪਨੂੰਆਂ ਘਰ ਉਤੇ ਕਬਜ਼ਾ ਕਰ ਲਿਆ ਗਿਆ, ਘਰ ਦਾ ਸਾਰਾ ਸਮਾਨ, 15 ਮੱਝਾਂ ਤੇ ਚਾਰ ਭਰਾਵਾਂ ਦਾ ਸਮਾਨ ਵੀ ਚੁੱਕ ਲਿਆ ਗਿਆ। ਛੋਟੇ ਭਰਾ ਨਿਰਵੈਰ ਸਿੰਘ ਨੂੰ ਪੁਲਿਸ ਨੇ ਫਡ਼ ਲਿਆ, ਸਾਰਾ ਪਰਿਵਾਰ ਘਰੋਂ ਬੇਘਰ ਹੋ ਗਿਆ ਤੇ ਲੁਕ-ਛਿਪ ਕੇ ਦਿਨ ਕੱਟੀ ਕਰਨ ਲੱਗਾ। ਬਾਬਾ ਮਾਨੋਚਾਹਲ ਨੂੰ ਫਡ਼ਾਉਣ ਲਈ ਪੰਜਾਬ ਪੁਲਿਸ ਨੇ ਭਾਈ ਨਿਰਵੈਰ ਸਿੰਘ ’ਤੇ ਅੰਨਾਂ ਤਸ਼ੱਦਦ ਕੀਤਾ, ਹੱਡੀ-ਹੱਡੀ ਤੋਡ਼ ਦਿੱਤੀ, ਸਾਰਾ ਸਰੀਰ ਗਰਮ ਪ੍ਰੈਸਾਂ ਲਾ ਕੇ ਸਾਡ਼ ਦਿੱਤਾ ਤੇ ਅਖੀਰ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ। ਬਾਬਾ ਮਾਨੋਚਾਹਲ ਨੂੰ ਆਪਣੇ ਭਰਾ ਨਿਰਵੈਰ ਸਿੰਘ ’ਤੇ ਇਤਨਾ ਵਿਸ਼ਵਾਸ ਕਰਦੇ ਸਨ ਤੇ ਕਹਿੰਦੇ ਸਨ ਕਿ ਪੁਲਿਸ ਵਾਲੇ ਨਿਰਵੈਰ ਸਿੰਘ ਦੇ ਟੋਕੇ ਨਾਲ ਟੋਟੇ ਕਰਦੇ ਪਏ ਹੋਣ, ਤੇ ਮੈਂ (ਮਾਨੋਚਾਹਲ) ਨਿਰਵੈਰ ਸਿੰਘ ਦੇ ਸਾਹਮਣੇ ਫਿਰਦਾ ਹੋਵਾਂ, ਤਾਂ ਵੀ ਨਿਰਵੈਰ ਸਿੰਘ ਮੇਰੇ ਬਾਰੇ ਪੁਲਿਸ ਨੂੰ ਨਹੀਂ ਦੱਸੇਗਾ, ਸ਼ਹੀਦ ਹੋ ਜਾਵੇਗਾ।ਸੰਨ 1990 ਵਿਚ ਪੰਜਾਬ ਪੁਲਿਸ ਆਪ ਜੀ ਦੇ ਪਿਤਾ ਸ੍ਰ: ਆਤਮਾ ਸਿੰਘ ਨੂੰ ਨੁਸ਼ਿਹਰਾ ਪਨੂੰਆਂ ਵਾਲੇ ਘਰ ਵਿਚੋਂ ਚੁੱਕ ਕੇ ਲੈ ਗਈ ਤੇ ਸਰਹਾਲੀ ਥਾਣੇ ਵਿਚ ਪੁੱਠਾ ਲਟਕਾ ਕੇ ਤਸੀਹੇ ਦਿੰਦੇ ਰਹੇ। ਬਾਅਦ ਵਿਚ ਸ੍ਰ: ਆਤਮਾ ਸਿੰਘ ਜੀ ਨੂੰ ਪੁਲਿਸ ਕੇ ਕੈਟਾਂ ਨੇ ਸ਼ਹੀਦ ਕਰ ਦਿੱਤਾ। ਇਸੇ ਤਰਾਂ ਮਾਤਾ ਗੁਰਮੇਜ ਕੌਰ ਜੋ ਆਪਣੇ ਪੋਤਰੇ ਹਰਬਿੰਦਰ ਸਿੰਘ ਨਾਲ ਕਟਡ਼ਾ ਜੈਮਲ ਸਿੰਘ ਅੰਮ੍ਰਿਤਸਰ ਵਿਖੇ ਇੱਕ ਘਰ ਵਿਚ ਰਹਿੰਦੇ ਸਨ, ਨੂੰ ਤਰਨਤਾਰਨ ਪੁਲਿਸ ਚੁੱਕ ਕੇ ਲੈ ਗਈ। ਹਰਬਿੰਦਰ ਸਿੰਘ ਪੁਲਿਸ ਦੇ ਇਸ ਛਾਪੇ ਤੋਂ ਦੋ ਕੁ ਮਿੰਟ ਪਹਿਲਾਂ ਹੀ ਘਰੋਂ ਬਾਹਰ ਨਿਕਲਿਆ ਸੀ, ਇਸ ਕਰਕੇ ਪੁਲਿਸ ਤੋਂ ਬਚ ਗਿਆ। ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੀ ਸੂਹ ਕੱਢਣ ਲਈ ਬਜ਼ੁਰਗ ਮਾਤਾ ਉਪਰ ਵੀ ਅੰਨਾਂ ਤਸ਼ੱਦਦ ਕੀਤਾ ਗਿਆ ਤੇ ਉਸ ਨੂੰ ਵੀ ਮਾਰ ਕੇ ਕਿਤੇ ਖਪਾ ਦਿੱਤਾ ਗਿਆ, ਜਿਸ ਦੀ ਬਾਅਦ ਵਿਚ ਕੋਈ ਉ¤ਘ-ਸੁੱਘ ਨਹੀਂ ਨਿੱਕਲੀ।
ਇਸ ਤੋਂ ਇਲਾਵਾ ਬਾਬਾ ਮਾਨੋਚਾਹਲ ਦੇ ਚਚੇਰੇ ਭਰਾ ਭਾਈ ਕਾਰਜ ਸਿੰਘ ਮਾਨੋਚਾਹਲ ਤੇ ਭਾਈ ਬਲਵਿੰਦਰ ਸਿੰਘ ਮਾਨੋਚਾਹਲ (ਰਿਬੇਰੋ ਕਾਂਡ) ਵੀ ਸਿੱਖ ਸੰਘਰਸ਼ ਵਿਚ ਜੂਝਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ।28 ਫਰਵਰੀ 1993 ਨੂੰ ਭਿੰਡਰਾਂ ਵਾਲਾ ਟਾਈਗਰਜ਼ ਫ਼ੋਰਸ ਦੇ ਮੁਖੀ, ਪੰਥਕ ਕਮੇਟੀ ਮੈਂਬਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਇੱਕ ਪੇਂਡੂ ਦੇ ਭੇਸ ਵਿਚ, ਗਲ ਕਮੀਜ਼, ਤੇਡ਼ ਚਾਦਰਾ, ਸਿਰ ਉਤੇ ਸਾਫਾ ਬੰਨੀਂ ਤੇ ਖੇਸ ਦੀ ਬੁੱਕਲ ਮਾਰੀ ਪਿੰਡ ਰਟੌਲ ਵਿਚ ਆਪਣੀ ਠਾਹਰ ’ਤੇ ਪਹੁੰਚਿਆ। ਆਪ ਜੀ ਪੈਦਲ ਆਏ ਸਨ ਤੇ ਅਰਾਮ ਕਰਨ ਲਈ ¦ਮੇ ਪੈ ਗਏ। ਸ਼ਾਮ 4:30 ਵਜੇ ਦਾ ਵੇਲਾ ਸੀ, ਜਦੋਂ ਤਰਨਤਾਰਨ ਪੁਲਿਸ ਦੇ ਦਿਲਬਾਗ ਸਿੰਘ ਡੀ.ਐਸ.ਪੀ. (ਸਿਟੀ) ਦੀ ਕਮਾਂਡ ਹੇਠ ਪੁਲਿਸ ਨੇ ਡੇਰੇ ਨੂੰ ਘੇਰਾ ਪਾ ਲਿਆ। ਘਰ ਵਾਲਿਆਂ ਨੇ ਬਾਬਾ ਮਾਨੋਚਾਹਲ ਨੂੰ ਦੱਸਿਆ ਕਿ ਬਾਬਾ ਜੀ, ਕੋਈ ਚਾਰਾ ਕਰ ਲਵੋ, ਪੁਲਿਸ ਨੇ ਡੇਰੇ ਨੂੰ ਘੇਰ ਲਿਆ ਹੈ। ਬਾਬਾ ਮਾਨੋਚਾਹਲ ਨੇ ਸ਼ਸਤਰਾਂ ਨੂੰ ਸੰਭਾਲਿਆ, ਚੁਫੇਰੇ ਵੇਖਿਆ ਤੇ ਪੁਲਿਸ ਨੂੰ ਲਲਕਾਰਿਆ ਕਿ ਮੈਂ ਘਰ ਵਿਚ ਮੁਕਾਬਲਾ ਨਹੀਂ ਕਰਨਾ ਚਾਹੁੰਦਾ, ਮੈਦਾਨ ਵਿਚ ਹੀ ਆ ਕੇ ਕਰਾਂਗਾ। ਬਾਬਾ ਮਾਨੋਚਾਹਲ ਨਹੀਂ ਸਨ ਚਾਹੁੰਦੇ ਕਿ ਘਰ ਵਿਚ ਮੁਕਾਬਲਾ ਕਰਕੇ ਘਰ ਵਾਲੇ ਨਿਰਦੋਸ਼ਾਂ ਦਾ ਜ਼ਾਲਮ ਹਕੂਮਤ ਦੀਆਂ ਫ਼ੋਰਸਾਂ ਹੱਥੋਂ ਕੋਈ ਨੁਕਸਾਨ ਕਰਵਾਇਆ ਜਾਵੇ। ਬਾਬਾ ਮਾਨੋਚਾਹਲ ‘ਸਤਿ ਸ੍ਰੀ ਅਕਾਲ’ ਦੇ ਜੈਕਾਰੇ ਗਜਾ ਕੇ ਡੇਰੇ ਤੋਂ ਬਾਹਰ ਨਿੱਕਲ ਕੇ ਮੱਕੀ ਦੇ ਖੇਤ ਵੱਲ ਵਧੇ ਤਾਂ ਸੁਰੱਖਿਆ ਫ਼ੋਰਸਾਂ ਨੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਅੱਗੋਂ ਬਾਬਾ ਮਾਨੋਚਾਹਲ ਨੇ ਵੀ ਮੋਡ਼ਵਾਂ ਜੁਆਬ ਦਿੱਤਾ ਪਰ ਦਿਨ ਦਾ ਵੇਲਾ ਅਤੇ ਕੋਈ ਵੀ ਮੋਰਚੇ ਦੀ ਆਡ਼ ਨਾ ਹੋਣ ਕਾਰਨ ਮੱਕੀ ਦੇ ਖੇਤ ਵਿਚ ਹੀ ਦੁਸ਼ਮਣਾਂ ਨਾਲ ਜੂਝਦਿਆਂ ਐਤਵਾਰ 17 ਫੱਗਣ, 28 ਫਰਵਰੀ 1993 ਨੂੰ ਸ਼ਹੀਦੀ ਜਾਮ ਪੀ ਗਏ।

Comments

  1. Eh baba manochahel ji di shaheedi jhuth likhi hai aap ne use ghar valiya ne baba ji nu dudh vich nashila powder ditta si ise lyi hi ta koei police da banda nahi mariya nahi ta babe ne lotha de dher laga dene san. te band karo eh drama je tusi shaheed hoye soormeya bare pura nahi likh sakde ta band karo eh drama please.....

    ReplyDelete

Post a Comment

Popular posts from this blog

ਭਾਈ ਜਗਤਾਰ ਸਿੰਘ ਜੱਗੀ ਜੌਹਲ