ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੰਮੂ (L.L.B, D.B.M)
(ਸ਼ਹੀਦੀ 28 ਦਸੰਬਰ 1991 )
ਵੀਹਵੀਂ ਸਦੀ ਦੇ ਅੰਤਲੇ ਦੋ ਦਹਾਕਿਆਂ ਵਿਚ ਸਿੱਖ ਕੌਮ ਦੀ ਆਨ-ਸ਼ਾਨ ਲਈ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸੱਚੀ-ਸੁੱਚੀ ਅਤੇ ਚੇਤੰਨ ਅਗਵਾਈ ਵਿਚ ਲਡ਼ੇ ਗਏ ਸੰਘਰਸ਼ ਵਿਚ ਜੰਮੂ ਕਸ਼ਮੀਰ ਦੀ ਧਰਤੀ ਤੋਂ ਜਿਸ ਯੋਧੇ ਨੇ ਮੋਢੀਆਂ ਦੀ ਕਤਾਰ ਵਿਚ ਛਾਤੀ ਡਾਹ ਕੇ ਨਿਧਡ਼ਕ ਜੁਝਾਰੂ ਰੋਲ ਨਿਭਾਇਆ ਅਤੇ ਸਿੱਖ ਕੌਮ ਦੇ ਹਰਿਆਵਲ ਦਸਤੇ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਭਾਈ ਅਮਰੀਕ ਸਿੰਘ ਜੀ ਦੀ ਯੋਗ ਅਗਵਾਈ ਵਿਚ ਬੁਲੰਦੀਆਂ ਤੇ ਲਿਜਾਣ ਵਿਚ ਨਾ ਭੁਲਾਇਆ ਜਾਣ ਵਾਲਾ ਉਘਾ ਯੋਗਦਾਨ ਪਾਇਆ, ਉਹ ਜੁਝਾਰੂ ਯੋਧਾ ਸੀ, ਭਾਈ ਅਵਤਾਰ ਸਿੰਘ ਖ਼ਾਲਸਾ।ਬਾਬਾ ਜਰਨੈਲ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਕੇਂਦਰ ਦਾ ਸਭ ਤੋਂ ਪਹਿਲਾਂ ਕੰਮ, ਸਿੱਖ ਸੰਘਰਸ਼ ਵਿਚ ਅਤੇ ਇਸ ਸੰਘਰਸ਼ ਨਾਲ ਜੁਡ਼ੀ ਹਰ ਸੰਸਥਾ ਵਿਚ ਘੁਸਪੈਠ ਕਰਕੇ ਪੂਰੀ ਤਰ੍ਹਾਂ ਬਣ ਚੁੱਕੀ ਲੋਕ-ਲਹਿਰ ਨੂੰ ਤੋਡ਼ਨਾ ਸੀ, ਕਿਉਂਕਿ ਤਰਕ ਅਤੇ ਦਲੀਲ ਦੀ ਜ਼ੁਬਾਨ ਵਿਚ 'ਬਾਬਾ ਭਿੰਡਰਾਂਵਾਲੇ' ਕੇਂਦਰੀ ਹਕੂਮਤ (ਭਾਰਤ) ਨੂੰ ਬੇ ਦਲੀਲ ਕਰ ਚੁੱਕੇ ਸਨ। ਸਰਕਾਰ ਇਸ ਸੰਘਰਸ਼ ਉੱਪਰ ਲੱਕ ਤੋਡ਼ਵਾਂ ਨਾਦਰੀ (ਇੰਦਰਾ ਗਾਂਧੀ ਦਾ 1984 ਦਾ) ਹਮਲਾ ਕਰਕੇ ਵੀ ਨਾਕਾਮ ਹੋ ਚੁੱਕੀ ਸੀ।ਇਸ ਭਿਆਨਕ ਹਮਲੇ ਤੋਂ ਬਾਅਦ ਸਰਕਾਰੀ ਏਜੰਸੀਆਂ ਸਿੱਖ ਸੰਘਰਸ਼ ਅੰਦਰ ਆਪਣੇ ਪੁਲਿਸੀਆਂ (ਕੈਟਾਂ) ਦੀ ਘੁਸਪੈਠ ਕਰਵਾ ਚੁੱਕੀ ਸੀ। ਇਸ ਦੇ ਬਾਵਜੂਦ ਸਿੱਖ ਸਿਧਾਂਤਾਂ ਨਾਲ ਪ੍ਰਨਾਈਆਂ ਜਥੇਬੰਦੀਆਂ ਭਾਵੇਂ ਉਹ ਗਿਣਤੀ ਵਿਚ ਥੋਡ਼ੀਆਂ ਸਨ, ਪਰ ਉਨ੍ਹਾਂ ਨੇ ਜਦੋਜਹਿਦ ਦੇ ਮਨੋਬਲ ਨੂੰ ਉਚਾ ਚੁੱਕੀ ਰੱਖਿਆ। ਸਰਕਾਰੀ ਘੁਸਪੈਠ ਰਾਹੀਂ ਭਰਾਂ ਮਾਰੂ-ਜੰਗ ਦੇ ਰੁਝਾਨ ਨੇ ਸਿੰਘਾਂ ਵਿਚ ਬੇ ਯਕੀਨੀ ਦਾ ਮਾਹੌਲ ਸਿਰਜ ਦਿੱਤਾ, ਜਿਸ ਦਾ ਸ਼ਿਕਾਰ ਉਘੇ ਜੁਝਾਰੂ ਲੀਡਰ ਹੋ ਗਏ, ਜਿਨ੍ਹਾਂ ਵਿਚ ਭਾਈ ਅਵਤਾਰ ਸਿੰਘ ਖਾਲਸਾ, ਆਦਿ ਸ਼ਾਮਿਲ ਹਨ।1978 ਈ. ਵਿਚ ਐਫ.ਸੀ.ਆਈ ਮਹਿਕਮੇ ਵਿਚ ਰਈਆ ਮੰਡੀ (ਜ਼ਿਲ੍ਹਾ ਅੰਮ੍ਰਿਤਸਰ) ਦੇ ਇਕ ਈਮਾਨਦਾਰ ਇੰਸਪੈਕਟਰ ਜੋ. ਐਲ.ਐਲ.ਬੀ. ਤੇ ਡੀ.ਬੀ.ਐਮ., ਪਾਸ, ਕੁਝ ਸਮਾਂ ਵਿਦੇਸ਼ਾਂ ਦਾ ਟੂਰ ਵੀ ਕਰ ਕੇ ਆਇਆ ਹੋਇਆ ਸੀ, ਇਸ ਹੌਲੀ ਉਮਰ ਦੇ ਨੌਜਵਾਨ ਗੁਰਸਿੱਖ ਦਾ ਸੰਪਰਕ ਬਾਬਾ ਜਰਨੈਲ ਸਿੰਘ ਜੀ ਨਾਲ ਹੋਇਆ, ਬਾਬਾ ਜੀ ਅਤੇ ਭਾਈ ਅਮਰੀਕ ਸਿੰਘ ਦੀ ਮਿਕਨਾਤੀਸੀ ਖਿੱਚ ਅਤੇ ਦਲੀਲ ਭਰਪੂਰ ਕਥਨੀਆਂ ਦਾ ਅਵਤਾਰ ਸਿੰਘ ਉਤੇ ਬਡ਼ਾ ਡੂੰਘਾ ਅਸਰ ਹੋਇਆ। ਉਨ੍ਹਾਂ ਦਿਨਾਂ 'ਚ ਹੀ ਅੰਮ੍ਰਿਤਸਰ ਅਤੇ ਕਾਨਪੁਰ ਵਾਲੇ ਨਰਕਧਾਰੀ ਕਾਂਡ ਵਾਪਰ ਚੁੱਕੇ ਸਨ। ਕੌਮੀ ਦਰਦ ਨਾਲ ਲਬਰੇਜ਼ ਅਵਤਾਰ ਸਿੰਘ, ਬਾਬਾ ਜਰਨੈਲ ਸਿੰਘ ਜੀ ਵੱਲੋਂ ਇਸ ਖੂਨੀ ਕਾਂਡ ਦੇ ਪ੍ਰਤੀਕਰਮ ਵਜੋਂ ਅਪਣਾਏ ਗਏ, ਰੁਖ ਨਾਲ ਸਹਿਮਤ ਹੁੰਦਿਆਂ ਸੰਘਰਸ਼ ਦੇ ਇਸ ਮੁੱਢਲੇ ਦੌਰ ਦੀਆਂ ਗਤੀਵਿਧੀਆਂ ਵਿਚ ਸ਼ਾਮਿਲ ਹੋ ਗਿਆ।1979 ਦੇ ਨੇਡ਼ੇ ਹੀ ਸਿੱਖ ਸਟੂਡੈਂਟਸ ਫੈਡਰੇਸ਼ਨ ਭੋਪਾਲ ਸਰਕਲ ਨੇ ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਵਿਖੇ 7 ਦਿਨਾਂ ਦਾ ਗੁਰਮਤਿ ਟ੍ਰੇਨਿੰਗ ਕੈਂਪ ਲਗਾਇਆ ਜਿਸ ਵਿਚ ਭਾਈ ਅਮਰੀਕ ਸਿੰਘ ਤੋਂ ਇਲਾਵਾ ਬਾਬਾ ਜਰਨੈਲ ਸਿੰਘ ਜੀ, ਖਾਲਸਾ ਨੇ ਵੀ ਕੈਂਪ ਵਿਚ ਸ਼ਾਮਿਲ ਨੌਜਵਾਨਾਂ ਨੂੰ ਸੰਬੋਧਨ ਕੀਤਾ।ਇਸ ਕੈਂਪ ਵਿਚ ਸ਼ਾਮਿਲ ਹੋਣ ਤੋਂ ਬਾਅਦ ਸ. ਅਵਤਾਰ ਸਿੰਘ ਅਤੇ ਭਾਈ ਜਗਜੀਤ ਸਿੰਘ (ਪੁੰਛ) ਨੇ ਜੰਮੂ ਕਸ਼ਮੀਰ ਦੇ ਸਰਗਰਮ ਸਾਥੀਆਂ ਨਾਲ ਰਲ ਕੇ ਫੈਡਰੇਸ਼ਨ ਦਾ ਲੰਮੇਂ ਸਮੇਂ ਤੋਂ ਜੰਮੂ-ਕਸ਼ਮੀਰ ਵਿਚ ਗੁੰਮ ਹੋ ਚੁੱਕਿਆ ਨਾਮ ਇਕ ਚੇਤਨਾ ਲਹਿਰ, ਨਾਲ ਮੁਡ਼ ਲੋਕਾਂ ਵਿਚ ਜਿਉਂਦਾ ਕੀਤਾ। ਨੌਜਵਾਨਾਂ ਨੇ ਸ਼ਾਦੀ ਮਾਰਗ, ਰਿਆਸੀ, ਬਾਰਾਮੁਲਾ, ਭਾਰਖ, ਡਿਗਿਆਨਾ ਆਦਿ 'ਚ ਵੱਖ-ਵੱਖ ਥਾਵਾਂ ਤੇ ਕੈਪ ਲਾਏ। ਸਭ ਤੋਂ ਵੱਡਾ ਕੈਂਪ ਜੋ ਸਮੁੱਚੀ ਫੈਡਰੇਸ਼ਨ ਦੇ ਇਤਿਹਾਸਕ ਪਡ਼ਾਅ ਵਜੋਂ ਦਸਤਾਵੇਜ ਵਿਚ ਸ਼ਾਮਿਲ ਹੈ। ਉਹ ਕੈਂਪ ਭਾਈ ਅਮਰੀਕ ਸਿੰਘ, ਭਾਈ ਅਤਿੰਦਰਪਾਲ ਸਿੰਘ, ਜੰਮੂ ਤੋਂ ਭਾਈ ਅਵਤਾਰ ਸਿੰਘ ਖਾਲਸਾ, ਭਾਈ ਜਗਜੀਤ ਸਿੰਘ ਪੁੱਣਛ ਭਾਈ ਹਰਚਰਨ ਸਿੰਘ ਪੁੱਣਛ ਭਾਈ ਨਰਿੰਦਰ ਸਿੰਘ (ਪ੍ਰਿ.) .... ਆਦਿ ਦੀ ਸਰਪ੍ਰਸੱਤੀ ਹੇਠ ਲੱਗਾ, ਚੰਦੋਕਲ੍ਹਾਂ ਕਾਂਡ ਹੋ ਜਾਣ ਕਾਰਣ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਇਸ ਕੈਂਪ ਵਿਚ ਨਹੀਂ ਪੁੱਜ ਸਕੇ, ਜੋ ਇਕ ਵੱਡਾ ਘਾਟਾ ਸਾਰੀ ਜ਼ਿੰਦਗੀ ਜੰਮੂ ਕਸ਼ਮੀਰ ਦੇ ਖਾਡ਼ਕੂ ਇਤਿਹਾਸ ਨੂੰ ਮਹਿਸੂਸ ਹੁੰਦਾ ਰਹੇਗਾ।ਭਾਈ ਖਾਲਸਾ ਹਮੇਸ਼ਾ ਫੈਡਰੇਸ਼ਨ ਦੇ ਵਰਕਰ ਬਣ ਕੇ ਵਿਚਰੇ, ਪਰ ਉਨ੍ਹਾਂ ਦੇ ਬੈਠਕਾਂ 'ਚ ਦਿੱਤੇ ਗਏ ਵਿਚਾਰ ਅਰਥਭਰਪੂਰ ਤੇ ਆਖ਼ਰੀ ਫ਼ੈਸਲਾ ਹੋ ਨਿਬਡ਼ਦੇ ਸਨ। ਧਰਮਯੁੱਧ ਮੋਰਚਾ ਲੱਗਣ ਤੇ ਭਾਈ ਖਾਲਸਾ ਜੀ ਦੀ ਜਥੇ ਲਿਆਉਣ ਦੀ ਸੇਵਾ ਲੱਗੀ, ਜਿਸ ਵਿਚ ਉਨ੍ਹਾਂ ਦੇ ਕਈਂ ਸਾਥੀ ਨੌਜਵਾਨ ਅਤੇ ਬਜ਼ੁਰਗ ਆਗੂ ਵੱਡੇ ਜਥੇ ਲੈ ਕੇ ਪੰਜਾਬ ਗ੍ਰਿਫ਼ਤਾਰੀਆਂ ਦੇਣ ਪੁੱਜਦੇ ਰਹੇ ਜਿਸ ਵਿਚ ਮਹੰਤ ਬਾਬਾ ਬਚਿੱਤਰ ਸਿੰਘ ਜੀ ਦਾ ਵੀ ਪੂਰਨ ਸਹਿਯੋਗ ਰਿਹਾ ਹੈ। ਗ੍ਰਿਫ਼ਤਾਰੀ ਤੋਂ ਬਾਅਦ ਦੇ ਹਲਾਤਾਂ ਬਾਰੇ ਨਾਲ ਰਹੇ ਸ੍ਰ. ਅਮਰੀਕ ਸਿੰਘ ਨਵਾਂ ਸ਼ਹਿਰ (ਜੰਮੂ) ਨੇ ਦੱਸਿਆ ਕਿ ਅਸੀਂ 1983 ਨੂੰ ਲੁਧਿਆਣਾ ਜੇਲ ਵਿਚ ਬੰਦ ਸੀ, ਅਗਸਤ ਮਹੀਨਾ ਹੋਣ ਕਰਕੇ ਅਜ਼ਾਦੀ ਦੇ ਜਸ਼ਨ ਵਿਚ ਤਿਰੰਗਾ ਲਹਰਾਇਆ ਗਿਆ, ਝੰਡੇ ਨੂੰ ਸਲਾਮੀਆਂ ਦਿੱਤੀਆਂ ਗਈਆਂ, ਇਹ ਸਭ ਭਾਈ ਖਾਲਸਾ ਤੋਂ ਬਰਦਾਸ਼ਤ ਨਾਂ ਹੋਇਆ, ਉਨ੍ਹਾਂ ਪਲ੍ਹਾਂ -ਸਕਿੰਟਾਂ ਵਿਚ ਸਿੰਘਾਂ ਨੂੰ ਇਸ਼ਾਰਾਂ ਕਰਕੇ ਖੱਟੀ ਦਸਤਾਰ ਦਾ ਖਾਲਸਈ ਝੰਡਾ ਤਿਆਰ ਕਰਵਾਇਆ ਤੇ ਕੁੱਝ ਸਮੇਂ ਬਾਅਦ ਦਿਨ ਦੁਪਹਿਰ ਨੂੰ ਤਰੰਗੇ ਦੀ ਥਾਂ ਤੇ 'ਕੇਸਰੀ ਖਾਲਸਾ' ਨਿਸ਼ਾਨ ਝੁੱਲ ਰਿਹਾ ਸੀ, ਜਦ ਸਿਪਾਹੀਆਂ ਦੀ ਝੰਡੇ 'ਤੇ ਨਜ਼ਰ ਪਈ ਤਾਂ ਉਨ੍ਹਾਂ ਬੁਖਲਾਹਟ ਵਿਚ ਆ ਕੇ ਗੋਲੀ ਚਲਾ ਦਿੱਤੀ, ਪਰ ਇਸ ਐਕਸ਼ਨ ਦਾ ਜੇਲ ਆਫ਼ਸਰਾਂ ਨੂੰ ਪਤਾ ਤੱਕ ਨਾ ਚਲਿਆ, ਇਸ ਵੇਲੇ ਭਾਈ ਖਾਲਸਾ ਨਾਲ ਹਾਈਜੈਕਰ ਭਾਈ ਦਲੀਪ ਸਿੰਘ, ਸ਼ਹੀਦ ਭਾ. ਗੁਰਦੀਪ ਸਿੰਘ ਨੇਪਾਲੀ ਅਤੇ ਸ. ਨਰਿੰਦਰ ਸਿੰਘ (ਪ੍ਰਿ.) ਆਦਿ ਸਿੰਘ ਸ਼ਾਮਿਲ ਸਨ।ਭਾਈ ਖਾਲਸਾ ਦੀ ਪੰਥਕ ਸੂਝ-ਬੂਝ ਤੇ ਦ੍ਰਿਡ਼ ਵਿਚਾਰਧਾਰਾ ਸਦਕਾ ਹੀ ਬਾਬਾ ਭਿੰਡਰਾਂਵਾਲਿਆਂ ਅਤੇ ਭਾਈ ਅਮਰੀਕ ਸਿੰਘ ਆਦਿ ਪ੍ਰਮੁੱਖ ਆਗੂਆਂ ਨੇ ਇਕ ਬੈਠਕ ਕਰਕੇ ਭਾਈ ਖਾਲਸਾ ਤੇ ਕੁੱਝ ਹੋਰ ਸਿੰਘਾਂ-ਸਿੰਘਣੀਆਂ ਦੀ ਡਿਊਟੀ, ਏਸ਼ੀਆਈ ਖੇਡਾਂ ਜੋ ਦਿੱਲੀ ਵਿਚ ਹੋ ਰਹੀਆਂ ਸਨ, ਵਿਚ ਸ਼ਾਮਿਲ ਹੋ ਕੇ ਸਿੱਖਾਂ ਦੀਆਂ ਹੱਕੀਂ ਮੰਗਾਂ ਇੰਟਰਨੈਸ਼ਨਲ ਮੀਡੀਏ ਦੇ ਜ਼ਰੀਏ ਚੁੱਕਣ ਦੀ ਲਾਈ, ਤਾਂ ਜੋ ਸਮੁੱਚਾ ਵਿਸ਼ਵ ਸਿੱਖਾਂ ਨਾਲ ਹੋ ਰਹੀਆਂ ਜ਼ਿਆਦਤੀਆਂ ਤੋਂ ਵਾਕਿਫ ਹੋ ਸਕੇ। ਉਸ ਮੌਕੇ ਹਿੰਦ ਹਕੂਮਤ ਵੱਲੋਂ ਦਿੱਲੀ ਵਿਚ ਸਿੱਖਾਂ ਦਾ ਦਾਖ਼ਲਾ ਰੋਕਣ ਲਈ ਦੇਸ਼ ਭਰ ਵਿਚ ਸਖ਼ਤ ਨਾਕਾਬੰਦੀ ਕਰ ਦਿੱਤੀ ਗਈ। ਏਸ਼ੀਆਈ ਖੇਡਾਂ ਆਰੰਭ ਹੋਣ ਵਾਲੀਆਂ ਸਨ, ਜਥੇ ਦਾ ਦਿੱਲੀ (ਰਾਜਧਾਨੀ) ਪੁੱਜਣਾ ਮੁਸ਼ਕਿਲ ਜਾਪ ਰਿਹਾ ਸੀ, ਹਰਿਆਣੇ ਦੇ ਮੁੱਖ ਮੰਤਰੀ ਭਜਨ ਲਾਲ ਨੇ ਸਿੱਖਾਂ ਦੇ ਹਰਿਆਣੇ 'ਚੋਂ ਲੰਘਣ ਤੇ ਪਾਬੰਦੀ ਲਾ ਦਿੱਤੀ ਸੀ।ਪੰਜਾਬ ਤੋਂ ਦਿੱਲੀ ਜਾਣ ਵਾਲੇ ਹਰ ਸਿੱਖ ਨੂੰ ਹਰਿਆਣੇ ਵਿਚ ਜ਼ਲੀਲ ਕੀਤਾ ਜਾਂਦਾ ਰਿਹਾ ਸੀ। ਸਖ਼ਤੀ ਇੰਨੀ ਜ਼ਿਆਦਾ ਵਧਾ ਦਿੱਤੀ ਗਈ ਕਿ ਪੰਜਾਬ ਤੋਂ ਦਿੱਲੀ ਵੱਲ ਪੰਛੀ ਦੀ ਉਡਾਰੀ ਤੇ ਵੀ ਨਜ਼ਰ ਰੱਖੀ ਜਾ ਰਹੀ ਸੀ।ਇਸ ਸਭ ਦੇ ਬਾਵਜੂਦ ਭਾਈ ਖਾਲਸਾ, ਭਾਈ ਗੇਜ਼ਾ, ਅਤੇ ਦੋ ਸਿੰਘਣੀਆਂ ਦਸਤਾਰਧਾਰੀ, ਜਿਨ੍ਹਾਂ ਨੇ ਉਸ ਵੇਲੇ ਭੇਸ ਵਟਾਇਆ ਹੋਇਆ ਸੀ, ਜੰਮੂ ਤੋਂ ਭਾਈ ਜਗਜੀਤ ਸਿੰਘ ਪੁੱਣਛ ਤੇ ਹੋਰ ਸਿੰਘ ਦਿੱਲੀ ਤੱਕ ਤਾਂ ਪੁੱਜ ਗਏ, ਪਰ ਸਟੇਡੀਅਮ ਅੰਦਰ ਨਹੀਂ ਪੁੱਜ ਸਕੇ, ਉਧਰ ਬਡ਼ੀ ਚੁਸਤੀ ਤੇ ਹੁਸ਼ਿਆਰੀ ਨਾਲ ਸਟੇਡੀਅਮ ਅੰਦਰ ਭਾਈ ਖਾਲਸਾ ਨੇ ਵਿਦੇਸ਼ੀ ਦਰਸ਼ਕਾਂ ਦੀ ਗੈਲਰੀ ਵਿਚ ਪੁੱਜ ਕੇ ਅੰਗਰੇਜ਼ੀ ਵਿਚ ਛਪੇ ਪੈਂਫਲਿਟ ਵੰਡਣੇ ਆਰੰਭ ਕਰ ਦਿੱਤੇ ਜਦ ਸਕਿਉਰਟੀ ਗਾਰਡ ਤੇ ਹੋਰ ਫੋਰਸਾਂ ਭਾਈ ਖਾਲਸਾ ਵੱਲ ਵਧੀਆ ਤਾਂ ਭਾਈ ਖਾਲਸਾ ਨੇ ਸੰਤ ਭਿੰਡਰਾਂਵਾਲੇ ਜ਼ਿੰਦਾਬਾਦ ... ਬੋਲੇ ਸੋ ਨਿਹਾਲ... ਆਦਿ ਜੈਕਾਰੇ-ਨਾਅਰੇ ਲਾਉਣੇ ਆਰੰਭ ਕਰ ਦਿੱਤੇ, ਸਾਰਾ ਮੀਡੀਆਂ ਇਨਾਂ ਵੱਲ ਹੋ ਤੁਰਿਆ, ਭਾਈ ਗੇਜਾ ਵੀ ਗਰਾਉਂਡ ਅੰਦਰ ਦਾਖ਼ਲ ਹੋ ਕੇ ਜੈਕਾਰੇ ਲਾਉਣ ਲੱਗ ਪਿਆ, ਸਿੰਘਾਂ ਸੂਰਮਿਆਂ ਨੂੰ ਸਰਕਾਰੀ ਡਾਂਗਾਂ ਦੀ ਬੁਛਾਡ਼ ਵਿਚ ਲਹੂ ਨਾਲ ਲੱਥ-ਪੱਥ ਹੋਣਾ ਪਿਆ, ਪਰ ਉਨ੍ਹਾਂ ਨੇ ਬਾਬਾ ਭਿੰਡਰਾਂਵਾਲਿਆਂ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਜਾਨ ਦੀ ਬਾਜੀ ਲਾ ਕੇ ਪੂਰਾ ਕੀਤਾ।ਸਿੰਘਾਂ ਦੇ ਚਿਹਰਿਆਂ ਤੇ ਮੁਸਕਰਾਹਟ ਸੀ, ਪਰ ਸਟੇਡੀਅਮ ਅੰਦਰ ਬੈਠੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਹੋਰ ਮੰਤਰੀ ਆਪਣੀ ਭਾਰਤੀ ਸਕਿਉਰਟੀ ਤੇ ਫੋਰਸਾਂ ਉਤੇ ਨਜ਼ਲਾ ਝਾਡ਼ ਰਹੇ ਸਨ। ਦਿੱਲੀ ਦੇ ਇਕ ਥਾਣੇ 'ਚ ਬੰਦ ਭਾਈ ਖ਼ਾਲਸਾ, ਭਾਈ ਗੇਜਾ ਅਤੇ ਦੋ ਸਿੰਘਣੀਆਂ ਨੂੰ ਭਾਈ ਜਗਜੀਤ ਸਿੰਘ (ਪੁੱਣਛ) ਜਾ ਕੇ ਮਿਲੇ ਤੇ ਸਾਰੀ ਖ਼ਬਰ ਅੰਮ੍ਰਿਤਸਰ ਪਹੁੰਚਾਈ। ਭਾਈ ਖਾਲਸਾ ਦੇ ਜੀਵਨ ਦੀਆਂ ਅਹਿਮ ਘਟਨਾਵਾਂ 'ਚੋਂ ਕੁੱਝ ਹੋਰਾਂ ਦੀ ਲਡ਼ੀਵਾਰ ਗਲ ਕਰਨੀ ਜ਼ਰੂਰੀ ਹੈ।''ਜੰਮੂ ਦੇ ਗਾਂਧੀ ਨਗਰ ਇਲਾਕੇ ਵਿਚ ਗੁਰਦੁਆਰੇ ਦੀ ਘਾਟ ਹੋਣ ਕਰਕੇ ਫੈਡਰੇਸ਼ਨ ਦੇ ਸਿੰਘਾਂ ਦੀ ਅਗਵਾਈ ਹੇਠ, ਸਰਕਾਰੀ ਜ਼ਮੀਨ ਤੇ ਗੁਰਦੁਆਰਾਂ ਉਸਾਰਨ ਲਈ ਸਰਕਾਰ ਅੱਗੇ ਸਿੱਖਾਂ ਨੇ ਮੰਗ ਰੱਖੀ ਅਤੇ ਪਲਾਟ ਵਿਚ ਨਿਸ਼ਾਨ ਸਾਹਿਬ ਗੱਡ ਦਿੱਤਾ, ਜਿਸ ਕਰਕੇ ਕੱਟਰਵਾਦੀ ਹਿੰਦੂ ਸੰਸਥਾਵਾਂ ਨੂੰ ਸਣੇ ਕੱਪਡ਼ੇ ਅੱਗ ਲਗ ਗਈ, ਇਕ ਕੱਟਡ਼ ਫਿਰਕੂ ਹਿੰਦੂ ਨੇਤਾ (ਜੋ ਇਕ ਅਖ਼ਬਾਰ ਦਾ ਮਾਲਕ ਵੀ ਹੈ) ਨੇ ਨਿਸ਼ਾਨ ਸਾਹਿਬ ਪੁੱਟ ਕੇ ਲਿਆਉਣ ਵਾਲੇ ਨੂੰ ਇਕ ਲੱਖ ਰੁ : ਇਨਾਮ ਦੇਣ ਦਾ ਐਲਾਨ ਕਰ ਦਿੱਤਾ, ਇਹ ਗੱਲ ਤਰੀਕ.... ਦੀ ਹੈ, ਹਿੰਦੂ ਫਿਰਕੂ ਨੇਤਾ ਉਸ ਥਾਂ 'ਤੇ ਮੰਦਿਰ ਉਸਾਰਨਾ ਚਾਹੁੰਦਾ ਸੀ, ਸਿੱਖ ਵਿਰੋਧੀ ਨਫ਼ਰਤ ਦੇ ਮਾਹੌਲ 'ਚ ਗੁਰਦੁਆਰੇ ਵਾਲੀ ਥਾਂ 'ਤੇ ਸੇਵਾ ਕਰ ਰਹੀਆਂ ਸਿੱਖ ਸੰਗਤਾਂ ਉਪਰ ਤਿੰਨ ਹਜ਼ਾਰ ਤੋਂ ਵੱਧ ਸ਼ਿਵ ਸੈਨਿਕ, ਹਿੰਦੂ ਗੁੰਡਿਆਂ ਨੇ ਹੱਲਾ ਬੋਲ ਦਿੱਤਾ, ਭਾਈ ਖਾਲਸਾ ਉਸ ਵੇਲੇ ਸੰਗਤਾਂ ਨਾਲ ਸੇਵਾ ਕਰ ਰਹੇ ਸਨ ਕਿ ਗੁੰਡਿਆਂ ਦੀ ਭੀਡ਼ ਹੱਥਾਂ 'ਚ ਡਾਗਾਂ, ਤਲਵਾਰਾਂ, ਪੱਥਰ, ਗੈਂਤੀਆਂ ਬੇਲਚੇ ਆਦਿ ਨਾਲ ਲੈਸ, ਨਿਸ਼ਾਨ ਸਾਹਿਬ ਵੱਲ ਵੱਧਣ ਲੱਗੀ ਤਾਂ ਖਾਲਸਾ ਜੀ ਅੱਗੇ ਵਧੇ ਅਤੇ ਅਣਖ-ਆਣ ਤੇ ਬਣੀ ਵੇਖ ਕੇ ਉਨਾਂ ਨੇ ਇਕ ਦੇਸੀ ਗੋਲਾ (ਬੰਬ) ਸੁੱਟਿਆ ਤਾਂ ਸਾਰਿਆਂ ਗੁੰਡਿਆਂ ਦੇ ਹੋਸ਼ ਉਡ ਗਏ, ਇੰਨੀ ਦੇਰ 'ਚ ਖਾਲਸਾ ਜੀ ਨੇ ਕਾਰਬਾਈਨ (9 ਐਮ.ਐਮ) ਨਾਲ ਹਵਾ 'ਚ ਦੋ-ਚਾਰ ਫ਼ਾਇਰ ਕੱਢੇ ਤਾਂ, ਸਾਰੀ ਭੀਡ਼ ਤਿੱਤਰ-ਬਿੱਤਰ ਹੋ ਗਈ, ਅਗਲੇ ਦਿਨ ਸਫ਼ਾਈ ਕਰਨ ਆਏ ਭੰਗੀਆਂ ਨੇ ਭੀਡ਼ ਵੱਲੋਂ ਛੱਡ ਕੇ ਦੋਡ਼ਿਆਂ ਦੇ ਦੋ ਟੋਕਰੇ ਚਪਲਾ-ਜੁੱਤੀਆਂ ਦੇ ਇਕੱਠੇ ਕੀਤੇ, ਇਹ ਗੱਲ ਸਾਰੇ ਸ਼ਹਿਰ 'ਚ ਫੈਲ ਗਈ ਤੇ ਮੁਡ਼ ਕੇ ਕਿਸੇ ਬਦਮਾਸ਼ ਨੇ ਇਸ ਪਾਸੇ ਮੂੰਹ ਨਾ ਕੀਤਾ, ਸਰਕਾਰ ਨੇ ਜ਼ਮੀਨ ਗੁਰਦੁਆਰੇ ਲਈ ਅਲਾਟ ਕਰ ਦਿੱਤੀ ਜਿੱਥੇ ਫੈਡਰੇਸ਼ਨ ਤੇ ਯੂਥ ਸਭਾਵਾਂ ਦੇ ਦਫ਼ਤਰਾਂ ਦੀ ਉਸਾਰੀ ਵੀ ਹੋਣੀ ਸੀ, ਪਰ ਭਾਈ ਖਾਲਸਾ ਦੀ ਸ਼ਹਾਦਤ ਤੋਂ ਬਾਅਦ ਇਹ ਗੁਰਦੁਆਰਾ ਵੀ ਬਸ ਇਕ ਆਮਦਨੀ ਦਾ ਸਾਧਨ ਬਣ ਕੇ ਰਹਿ ਗਿਆ।ਭਾਈ ਖਾਲਸਾ ਦੇ ਸਾਥੀਆਂ ਨੇ ਦੱਸਿਆ ਕਿ ''ਜੰਮੂ'' ਦੇ ਆਰ.ਐਸ. ਪੁਰਾ ਇਲਾਕੇ ਦੇ ਪਿੰਡ ਦਬਲੈਡ਼ ਵਿਚ ਕੁੱਝ ਦੇਵਤਿਆਂ ਦੀ ਮਡ਼ੀਆਂ-ਸਮਾਧਾਂ ਤੇ ਬਣੀਆਂ ਹੋਈਆਂ ਥਾਵਾਂ ਉਤੇ ਕੁਲ ਦੇਵਤਿਆਂ ਦੀ ਯਾਦ ਵਿਚ ਪਿੰਡ ਦੇ ਕੁਝ ਲੀਡਰਾਂ ਨੇ ਆਖੰਡ ਪਾਠਾਂ ਦੀ ਲਡ਼ੀ ਸ਼ੁਰੂ ਕਰਵਾਈ ਹੈ, ਜੋ ਹਰ ਸਾਲ ਕਰਵਾਈ ਜਾਂਦੀ ਸੀ, ਪਿੰਡ ਦੇ ਕੁੱਝ ਨੌਜਵਾਨਾਂ ਨੇ ਜਦ ਪਿੰਡ ਵਾਲਿਆਂ ਅਤੇ ਉਨ੍ਹਾਂ ਦੇ ਲੀਡਰਾਂ ਨੂੰ ਬੇਨਤੀ ਕੀਤੀ ਕਿ ਸਿੱਖੀ 'ਚ ਇਸ ਕੁਕਰਮ ਦੀ ਸਖ਼ਤ ਮਨਾਹੀ ਹੈ, ਤੁਸੀਂ ਇਸ ਤਰ੍ਹਾਂ ਇੱਥੇ ਨਵੀਂ ਪਿਰਤ ਨਾ ਆਰੰਭ ਕਰੋ, ਤਾਂ ਉਨਾਂ ਨੌਜਵਾਨਾਂ ਨੂੰ ਇਹ ਕਹਿ ਕੇ ਆਏ ''ਵੱਡੇ ਫੈਡਰੇਸ਼ਨੀਏ'' ..... ਇਹ ਖ਼ਬਰ ਜਦ ਭਾਈ ਖਾਲਸਾ, ਤੱਕ ਪੁੱਜੀ ਤਾਂ ਉਹ ਆਪਣੇ ਸਾਥੀ ਸਿੰਘਾਂ ਸਣੇ ਉਥੇ ਪੁੱਜ ਗਏ, ਤੇ ਲੀਡਰਾਂ-ਖਡ਼ਪੰਚਾਂ ਨੂੰ ਦੋਡ਼ਾਂ ਲਗਵਾਈਆਂ ਅਤੇ ਪਿੰਡ ਵਾਲਿਆਂ ਨੂੰ ਗੁਰਮਤਿ ਦੀ ਜਾਣਕਾਰੀ ਦਿੱਤੀ, ਉਸ ਤੋਂ ਬਾਅਦ ਕਦੀ ਵੀ ਉਥੇ ਸਮਾਧਾਂ 'ਤੇ ਪਾਠ ਨਹੀਂ ਕਰਵਾਏ ਗਏ।ਉਚੀ ਲੰਮੀ ਦੇਹ ਸੋਹਣਾਂ ਜਿਹਾ ਚਮਕਾਂ ਮਾਰਦਾ ਚਿਹਰਾ, ਬਾਣੀ, ਬਾਣੇ ਦਾ ਧਾਰਨੀ ਹਰ ਵੇਲੇ ਸ਼ਸਤਰਧਾਰੀ, ਵੇਖਣ ਵਿਚ ਸਾਧ, ਭਾਈ ਖ਼ਾਲਸਾ ਹਰ ਪਡ਼ਾਅ ਤੇ ਆਪਣੀਆਂ ਪੰਥ ਲਈ ਸੇਵਾਵਾਂ ਅਰਪਣ ਕਰਦਾ, ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਫੌਜ ਦਾ ਗੁਰਮਤਿ ਧਾਰੀ ਸਿਪਾਹੀ ਤੇ ਸੂਝਵਾਨ ਆਗੂ ਹੋਣ ਦਾ ਹਰ ਕਦਮ ਤੇ ਸਬੂਤ ਛੱਡਦਾ ਜਾ ਰਿਹਾ ਸੀ।1984 'ਚ ਭਾਰਤੀ ਫੌਜ ਦੇ ਹਮਲੇ ਤੋਂ ਪਹਿਲਾਂ ਸਿੰਘਾਂ ਵੱਲੋਂ ਕੀਤੀ ਜਾ ਰਹੀ ਤਿਆਰੀ ਲਈ, ਬਾਬਾ ਭਿੰਡਰਾਂਵਾਲਿਆਂ ਤੇ ਭਾਈ ਅਮਰੀਕ ਸਿੰਘ ਨੇ ਭਾਈ ਖਾਲਸਾ ਤੇ ਭਾਈ ਗੁਰਦੀਪ ਸਿੰਘ ਨੇਪਾਲੀ, ਆਦਿ ਸਿੰਘਾਂ ਦੀ ਜੰਮੂ-ਕਸ਼ਮੀਰ 'ਚੋਂ ਸ਼ਸ਼ਤਰ ਲੈ ਕੇ (ਖਰੀਦ ਕੇ) ਅੰਮ੍ਰਿਤਸਰ ਪੁਜਾਉਣ ਦੀ ਸੇਵਾ ਲਾਈ ਹੋਈ ਸੀ, ਜਿਸ ਤੇ ਭਾਈ ਸਾਹਿਬ ਖਰੇ ਉਤਰੇ ਨਾਲ ਭਾਈ ਗੁਰਦੀਪ ਸਿੰਘ ਦਾ ਸਾਥ ਰਿਹਾ, ਉਧਰ ਭਾਈ ਖਾਲਸਾ ਦੇ ਜੰਮੂ ਹੁੰਦਿਆਂ ਫੌਜੀ ਕਾਰਵਾਈ ਹੋ ਗਈ, ਜਿਸ ਵਿਚ ਬਾਬਾ ਭਿੰਡਰਾਂਵਾਲਿਆਂ ਸਮੇਤ ਕਈ ਕੌਮੀਂ ਆਗੂ ਸ਼ਹੀਦ ਹੋ ਗਏ, ਨੌਜਵਾਨਾਂ ਵਿਚ ਨਿਰਾਸ਼ਾ ਉਭਰਨ ਲੱਗੀ, ਉਸ ਸਥਿਤੀ 'ਚ ਪੰਥ ਅੰਦਰ ਚਡ਼ਦੀ ਕਲ੍ਹਾ ਦਾ ਉਭਾਰ ਕਰਨ ਲਈ ਭਾਈ ਪਰਮਿੰਦਰ ਸਿੰਘ 'ਹਰਫਨਮੌਲਾ' ਭਾਈ ਅਵਤਾਰ ਸਿੰਘ ਖਾਲਸਾ, ਭਾਈ ਹਰਮਿੰਦਰ ਸਿੰਘ ਖਾਲਸਾ, ਭਾਈ ਦਲੀਪ ਸਿੰਘ, ਭਾਈ ਗੁਰਦੀਪ ਸਿੰਘ, ਭਾਈ ਰਵਿੰਦਰ ਸਿੰਘ ਆਦਿ ਸਿੰਘ ਇਕ ਡੂੰਘੀ ਵਿਉਂਤ ਤਹਿਤ ਕਸ਼ਮੀਰ ਪੁੱਜੇ, ਜਿੱਥੇ ਉਨ੍ਹਾਂ ਨੇ ਕਸ਼ਮੀਰ ਤੋਂ ਦਿੱਲੀ ਜਾ ਰਹੇ, ਭਾਰਤੀ ਜਹਾਜ਼ ਨੂੰ ਦਰਬਾਰ ਸਾਹਿਬ ਉਤੇ ਭਾਰਤੀ ਫੌਜ ਦੇ ਹਮਲੇ ਵਿਰੁੱਧ ਆਪਣੀ ਅਵਾਜ਼ ਬੁਲੰਦ ਕਰਨ ਲਈ ਅਗਵਾ ਕਰ ਲਿਆ, ਪਰ ਕਿਸੇ ਹੋਰ ਵਿਉਂਤ ...ਨੂੰ ਅੰਜ਼ਾਮ ਦੇਣ ਲਈ, ਭਾਈ ਖਾਲਸਾ ਨੂੰ ਹਾਈਜੈਕਿੰਗ ਵਿਚ ਸ਼ਾਮਿਲ ਨਾ ਕੀਤਾ ਗਿਆ।ਜਦ ਕੁਝ ਸਮੇਂ ਬਾਅਦ ਭਾਈ ਖਾਲਸਾ ਨੂੰ ਪਤਾ ਚੱਲਿਆ ਕਿ ਉਨ੍ਹਾਂ ਦੇ ਸਾਥੀ ਪਾਕਿਸਤਾਨ ਦੀ ਕੋਟ ਲੱਖਪਤ ਜੇਲ ਵਿਚ ਸਖ਼ਤ ਤੰਗੀ ਦਾ ਸਾਹਮਣਾ ਕਰ ਰਹੇ ਹਨ, ਅਤੇ ਉਨ੍ਹਾਂ ਦੀ ਮਦਦ ਤੇ ਕੋਈ ਆਗੂ ਕੋਸ਼ਿਸ਼ ਨਹੀਂ ਕਰ ਰਿਹਾ ਤਾਂ ਉਹ ਖੁਦ ਕਿਸੇ ਢੰਗ ਨਾਲ ਕੋਟ 'ਲਖਪਤ ਜੇਲ' ਮੁਲਾਕਾਤ ਲਈ ਜਾ ਪੁੱਜੇ, ਹਾਈਜੈਕਰ ਸਾਥੀਆਂ ਮੁਤਾਬਕ ਭਾਈ ਖਾਲਸਾ ਪਹਿਲੇ ਸ਼ਖਸ਼ ਸਨ, ਜੋ ਉਨ੍ਹਾਂ ਨੂੰ ਜੇਲ ਵਿਚ ਜਾ ਕੇ ਮਿਲੇ ਸਨ।ਜੰਮੂ-ਕਸ਼ਮੀਰ, ਦਿੱਲੀ, ਪੰਜਾਬ ਵਿਚ ਕੀਤੀਆਂ ਗਈਆਂ ਕਈ ਅਹਿਮ ਕਾਰਵਾਈਆਂ 'ਚ ਖਾਲਸਾ ਜੀ ਦਾ ਨਾਮ ਆਉਣ ਲੱਗਾ, ਹਾਈਜੈਕ ਕਾਂਡ ਦਾ ਵੀ ਮੁਖ ਮਾਸਟਰ ਮਾਈਂਡ ਭਾਈ ਖਾਲਸਾ ਨੂੰ ਮੰਨਿਆ ਗਿਆ, ਜਿਸ ਤੋਂ ਬਾਅਦ ਦੇਸ਼ ਭਰ ਦੀ ਪੁਲਿਸ ਇਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਸਰਗਰਮ ਹੋ ਗਈ, ਆਖਰ ਜਿਸ ਦਾ ਅੰਤ ਹੋਇਆ, ਜੰਮੂ ਕਠੂਆ ਦੇ ਵਿਜੇਪੁਰ ਬਾਰਡਰ ਤੋਂ ਭਾਈ ਖਾਲਸਾ ਤੇ ਭਾਈ ਮੋਹਨ ਸਿੰਘ ਜੰਮੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਅਖ਼ਬਾਰਾਂ ਨੇ ਵੱਡੀਆਂ-ਵੱਡੀਆਂ ਸਨਸਨੀਖੇਜ਼ ਖ਼ਬਰਾਂ ਛਾਪੀਆਂ।ਪੰਜ ਮਹੀਨੇ ਵੱਖ-ਵੱਖ ਫੋਰਸਾਂ ਤੇ ਇੰਟੈਲੀਜੈਂਸ ਦੀ ਪੁੱਛ-ਪਡ਼ਤਾਲ ਤੋਂ ਬਾਅਦ ਜੰਮੂ ਦੀ ਸੈਂਟਰ ਜੇਲ (ਅੰਬਫਲਾ) ਵਿਖੇ ਭੇਜ ਦਿੱਤਾ ਗਿਆ। ਜੇਲ ਵਿਚ ਕੁਝ ਮੰਗਾਂ ਨੂੰ ਲੈ ਕੇ ਕੈਦੀ ਤੇ ਖਾਡ਼ਕੂਬੰਦੀ, ਪ੍ਰੇਸ਼ਾਨ ਸਨ, ਜਿਸ ਲਈ ਭਾਈ ਖਾਲਸਾ ਨਾਲ ਵਿਚਾਰਾਂ ਕੀਤੀਆਂ ਗਈਆਂ ਸਾਰਿਆਂ ਨੇ ਆਪਣਾ ਆਗੂ ਭਾਈ ਖਾਲਸਾ ਨੂੰ ਚੁਣਿਆ ਤੇ ਭਾਈ ਸਾਹਿਬ ਨੇ ਕੈਦੀਆਂ ਦੇ ਹੱਕ 'ਚ ਜੂਝਣ ਦੀ ਰੂਪ-ਰੇਖਾ ਉਲੀਕੀ । ਇਕ ਮੋਰਚੇ ਦਾ ਐਲਾਨ ਕੀਤਾ ਗਿਆ। ਇਹ 1986 ਦੀ ਗੱਲ ਹੈ।ਮੁੱਖ ਮੰਗਾਂ ਸਨ - ਪੰਜਾਬ ਦੇ ਖਾਡ਼ਕੂਆਂ ਨੂੰ ਜੋ ਤੰਗ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਉਸ ਨੂੰ ਬੰਦ ਕੀਤਾ ਜਾਵੇ ਅਤੇ ਸਾਰੇ ਸਿੰਘਾਂ ਨੂੰ ਜੰਮੂ ਦੇ ਸਿੰਘਾਂ ਨਾਲ ਰੱਖਿਆ ਜਾਵੇ। ਰੋਟੀ ਤੇ ਬਿਸਤਰੇ ਸਾਫ਼ ਤੇ ਵਧੀਆ ਦਿੱਤੇ ਜਾਣ, ਹਿੰਦੂ ਕੈਦੀਆਂ ਲਈ ਜੇਲ ਅੰਦਰ ਇਕ ਮੰਦਰ ਉਸਾਰਿਆ ਜਾਵੇ,... ਆਦਿ। ਬੰਦੀ ਸਿੰਘਾਂ ਤੇ ਹਿੰਦੂ, ਸਿੱਖ, ਮੁਸਲਿਮ, ਈਸਾਈ ਕੈਦੀਆਂ ਵੱਲੋਂ ਭੁੱਖ ਹਡ਼ਤਾਲ ਸ਼ੁਰੂ ਕੀਤੀ ਗਈ, ਜਿਸ ਨੂੰ ਤੋਡ਼ਨ ਲਈ ਪੁਲਿਸ (ਜੇਲ) ਵੱਲੋਂ ਸੀ.ਆਰ.ਪੀ. ਐਫ. ਦੀ ਮਦਦ ਨਾਲ ਲਾਠੀਚਾਰਜ ਕੀਤਾ ਗਿਆ, ਜਿਸ ਦੇ ਵਿਰੋਧ 'ਚ ਭਾਈ ਖਾਲਸਾ ਨੇ ਜੇਲ 'ਚ ਸੌਣ ਲਈ ਬਣਾਏ ਗਏ ਥਡ਼ਿਆਂ ਨੂੰ ਪੁੱਟ ਕੇ ਪੱਥਰਾਵ ਕਰਨ ਅਤੇ ਸੁਰੱਖਿਆ ਫੋਰਸਾਂ ਨੂੰ ਆਪਣੇ ਕਬਜ਼ੇ ਵਿਚ ਲੈ ਲੈਣ ਦੇ ਨਿਰਦੇਸ਼ ਦਿੱਤੇ ਤੇ ਕੁਝ ਸਮੇਂ 'ਚ ਪੂਰੀ ਜੇਲ ਸਿੰਘਾਂ ਦੇ ਕਬਜ਼ੇ 'ਚ ਆ ਗਈ, ਜੇਲ ਦੇ ਐਸ.ਪੀ.ਅੱਲਾ ਬਕਸ਼' ਜਿਨ੍ਹਾਂ ਮੈਜਿਸਟ੍ਰੇਟ (ਜੱਜ) ਨੂੰ ਜੇਲ ਅੰਦਰ ਬੁਲਾ ਕੇ ਮਸਲਾ ਹੱਲ (ਕੰਪਰੋਮਾਈਜ਼) ਕਰਵਾਇਆ, ਭਾਈ ਖਾਲਸਾ ਨੇ ਜੱਜ ਨਾਲ ਗੱਲ ਕੀਤੀ ਤੇ ਆਪਣੀ ਦਲੀਲਾਂ ਨਾਲ ਲਾਜਵਾਬ ਕਰ ਦਿੱਤਾ ਤੇ ਆਖਰ ਸਾਰੀਆਂ ਮੰਗਾਂ ਮਨ ਲਈਆ ਗਈਆਂ। ਹਿੰਦੂਆਂ ਲਈ ਮੰਦਰ ਦੀ ਉਸਾਰੀ ਕੀਤੀ ਗਈ, ਪੰਜਾਬ ਦੇ ਸਿੰਘ ਜੰਮੂ ਦੇ ਸਿੰਘਾਂ ਨਾਲ ਸ਼ਿਫਟ ਕੀਤੇ ਗਏ ਆਦਿ।ਜਦ ਪੰਜਾਬ ਅਤੇ ਹੋਰ ਸਟੇਟਾਂ ਦੇ ਖਾਡ਼ਕੂ ਸਿੰਘ ਤੇ ਪੰਥਕ ਆਗੂ ਇਕ ਬੈਰਕ 'ਚ ਸ਼ਿਫਟ ਕਰ ਦਿੱਤੇ ਗਏ ਤਾਂ ਕੁਝ ਹੀ ਦਿਨਾਂ ਬਾਅਦ ਦੋ ਆਗੂ ਆਪਸ ਵਿਚ ਉਲਝ ਗਏ ਤੇ ਉਹ ਇਕ ਦੂਜੇ ਤੇ ਗੱਦਾਰੀਆਂ ਦੇ ਇਲਜ਼ਾਮ ਲਗਾਉਣ ਲੱਗ ਪਏ, ਭਾਈ ਖਾਲਸਾ ਨੂੰ ਜਦ ਸਿੰਘਾਂ ਨੇ ਕਿਹਾ ਕਿ ਇਨ੍ਹਾਂ ਨੂੰ ਰੋਕੋਂ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਤੁਸੀਂ ਅਜੇ ਸੰਘਰਸ਼ ਲਡ਼ਨਾ ਹੈ, ਅਤੇ ਇਹ ਸੰਘਰਸ਼ ਦੇ ਆਗੂ ਬਣੇ ਬੈਠੇ ਹਨ, ਇਸ ਲਈ ਆਉਣ ਵਾਲੇ ਖਾਡ਼ਕੂ ਇਤਿਹਾਸ ਅਤੇ ਤੁਹਾਡੀ ਜਾਣਕਾਰੀ ਲਈ ਜ਼ਰੂਰੀ ਹੈ, ਕਿ ਤੁਸੀਂ ਇਨ੍ਹਾਂ ਨੂੰ ਹੱਥੋਂ-ਹੱਥੀਂ ਨਹੀਂ ਪੈਣ ਦੇਣਾ ਪਰ ਬੋਲਣ ਤੋਂ ਨਹੀਂ ਰੋਕਣਾ ਇਹ ਆਪ ਹੀ ਆਪਣੀਆਂ ਗੱਦਾਰੀਆਂ ਦੇ ਸੌਦੇਬਾਜ਼ੀਆਂ ਦੇ ਪਾਜ ਉਖਾਡ਼ ਕੇ ਸਾਡਾ ਹੋਰ ਹੋਣ ਵਾਲਾ ਘਾਟਾ ਬਚਾ ਦੇਣਗੇ, ਉਸ ਵੇਲੇ ਬੈਰਕ 'ਚ ਭਾਈ ਨਰਿੰਦਰ ਸਿੰਘ ਜੰਮੂ (ਪ੍ਰਿ.) ਤੇ ਮਹਿੰਦਰ ਸਿੰਘ ਪੱਪੀ, ਆਦਿ ਜੰਮੂ ਦੇ ਸਿੰਘ ਬੰਦ ਸਨ ਤੇ ਇਹ ਆਗੂ ਅੱਜ ਵੀ ਆਗੂ ਹੀ ਹਨ। ਉਹਨਾਂ ਲਡ਼ਨ ਵਾਲਿਆਂ 'ਚੋਂ ਇਕ ਟਕਸਾਲ ਦਾ ਸੀ ਤੇ ਦੂਜਾ ਅਕਾਲੀ।
ਉਧਰ ਜੇਲ ਬ੍ਰੇਕ ਕਾਂਡ ਦੀ ਤਹਿਕੀਕਾਤ ਹੋਣ ਤੇ ਭਾਈ ਖਾਲਸਾ ਨੂੰ ਹੀ ਮੁੱਖ ਦੋਸ਼ੀ ਕਰਾਰ ਦਿੰਦਿਆਂ ਜੰਮੂ ਜੇਲ 'ਚੋਂ ਬਦਲ ਕੇ ਭੱਦਰਵਾਹ ਦੇ ਸਦੀਆਂ ਪੁਰਾਣੇ ਖੰਡਰ ਰੂਪੀ ਕਿਲ੍ਹੇ (ਜੇਲ) 'ਚ ਬੰਦ ਕਰ ਦਿੱਤਾ ਗਿਆ। ਛੇ ਮਹੀਨੇ ਉਥੇ ਰੱਖਣ ਤੋਂ ਬਾਅਦ ਮੁਡ਼ ਜੰਮੂ ਸੈਂਟਰ ਜੇਲ ਭੇਜ ਦਿੱਤਾ ਗਿਆ ਜਿਥੇ ਜੇਲ ਅੰਦਰ ਹੀ ਸਪੈਸ਼ਲ ਅਦਾਲਤ ਅਧੀਨ 'ਦੇਸ਼ ਧ੍ਰੋਹ ਦੇ ਕਈ ਕੇਸ ਚਲਾਏ ਗਏ, ਭਾਈ ਖਾਲਸਾ ਐਲ.ਐਲ.ਬੀ. ਪਾਸ ਹੋਣ ਕਰਕੇ ਆਪਣੇ ਕੇਸਾਂ ਦੀ ਪੈਰਵੀ ਆਪ ਕਰਦੇ ਸੀ, ਭਾਈ ਸਾਹਿਬ ਦੀ ਦਲੀਲਾਂ ਨੇ ਜੱਜ ਨੂੰ ਮੰਤਰ ਮੁਗੱਧ ਕਰ ਦਿੱਤਾ ਅਤੇ ਉਨਾਂ ਨੇ ਭਾਈ ਸਾਹਿਬ ਨੂੰ ਜ਼ਮਾਨਤਾਂ ਤੇ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ, ਪਰ ਸਰਕਾਰ ਨੂੰ ਇਹ ਫੈਸਲਾ ਮੰਜ਼ੂਰ ਨਹੀਂ ਸੀ, ਇਸ ਲਈ ਭਾਈ ਸਾਹਿਬ ਨੂੰ ਛੱਡਣ ਤੋਂ ਪਹਿਲਾਂ ਹੀ ਪੀ.ਐਸ.ਏ. (ਪਬਲਿਕ ਸੇਫਟੀ ਐਕਟ) ਤਹਿਤ ਮੁਡ਼ ਦੋ ਸਾਲ ਲਈ ਜੇਲ 'ਚ ਬੰਦ ਕਰ ਦਿੱਤਾ, ਪਰ 1988 ਦੇ ਅਖ਼ੀਰ 'ਚ ਭਾਈ ਸਾਹਿਬ ਦੀ ਹਾਈਕੋਰਟ ਦੇ ਹੁਕਮ ਤੋਂ ਬਾਅਦ ਰਿਹਾਈ ਹੋਈ।ਰਿਹਾਈ ਤੋਂ ਬਾਅਦ ਮੁਡ਼ ਫੈਡਰੇਸ਼ਨ ਦੀਆਂ ਬੈਠਕਾਂ ਹੋਣ ਲੱਗੀਆਂ ਪੰਜਾਬ ਤੋਂ ਅਕਾਲੀ ਲੀਡਰ ਤੇ ਫੈਡਰੇਸ਼ਨ ਆਗੂ ਤੇ ਵਰਕਰ ਮਿਲਣ ਆਉਣ ਲੱਗੇ, ਝੋਲੀ ਚੁੱਕ ਤੇ ਅਖੌਤੀ ਪੰਥਕ ਆਗੂ ਪ੍ਰੇਸ਼ਾਨ ਸਨ ਉਨ੍ਹਾਂ ਵੱਲੋਂ ਲੱਖ ਯਤਨ ਕਰਨ ਦੇ ਬਾਵਜੂਦ ਵੀ ਕੌਮ ਨੇ ਉਨ੍ਹਾਂ ਨੂੰ ਸਵੀਕਾਰ ਨਹੀਂ ਸੀ ਕੀਤਾ। 1989, 13 ਜਨਵਰੀ ਦਾ ਸ਼ਹੀਦੀ ਸਾਕਾ ਹੋ ਗਿਆ, ਜਿਸ ਵਿਚ 13 ਸਿੱਖ ਸ਼ਹੀਦ ਹੋਏ, ਗੁਰਦੁਆਰਿਆਂ ਦੀ ਸਾਡ਼-ਫੂਕ ਕੀਤੀ ਗਈ, ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਾਂ ਕੀਤੀ ਗਈ ਸਾਰੇ ਅਕਾਲੀ ਤੇ ਹੋਰ ਲੀਡਰ ਮੂਕ ਦਰਸ਼ਕ ਬਣੇ ਵੇਖਦੇ ਰਹੇ, ਆਖ਼ਰ ਇਸ ਕਤਲ ਕਾਂਡ ਦੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਧੱਕਣ ਲਈ ਖਾਲਸਾ ਜੀ ਨੇ ਕੇਸ ਦੀ ਫਾਈਲ ਆਪਣੇ ਹੱਥਾਂ 'ਚ ਲਈ ਤੇ ਕਾਨੂੰਨੀ ਲਡ਼ਾਈ ਲਡ਼ਨ ਲਈ ਕਮਰਕੱਸਾ ਕਰ ਲਿਆ ਤੇ ਮੈਦਾਨ 'ਚ ਉਤਰ ਪਏ।ਜੰਮੂ ਸ਼ਹਿਰ 'ਚ ਕਈ ਗੋਲੀਕਾਂਡ ਤੇ ਬੰਬ ਧਮਾਕੇ ਹੋਏ, ਸਿੱਖ ਨੌਜਵਾਨ ਹਥਿਆਰਬੰਦ ਸੰਘਰਸ਼ ਵੱਲ ਵਧਣ ਲੱਗੇ, ਸਰਕਾਰ ਭਾਈ ਖਾਲਸਾ ਤੇ ਸਖ਼ਤ ਪਹਿਰੇਦਾਰੀ ਕਰ ਰਹੀ ਸੀ, ਕਿਉਂਕਿ ਭਾਈ ਖਾਲਸਾ ਦੇ ਕਈ ਕਰੀਬੀ ਸਾਥੀ ਹਥਿਆਰਬੰਦ ਸੰਘਰਸ਼ ਦਾ ਹਿੱਸਾ ਬਣ ਚੁੱਕੇ ਸਨ, ਭਾਈ ਖਾਲਸਾ ਮੁਡ਼-ਮੁਡ਼ ਆਪਣੇ ਸਾਥੀਆਂ ਨੂੰ ਕਹਿ ਰਹੇ ਸਨ ਕਿ ਸਾਡੇ ਕੋਲ ਹਥਿਆਰਬੰਦ ਸੰਘਰਸ਼ ਵਡੇਰਾ (ਲੰਮਾਂ) ਲਡ਼ਨ ਲਈ ਸਾਧਨਾਂ ਦੀ ਘਾਟ ਹੈ, ਸੀਨੀਅਰ ਤੇ ਸੂਝ-ਬੂਝ ਵਾਲੇ ਆਗੂਆਂ ਦੀ ਜ਼ਿੰਮੇਵਾਰੀ ਬਣਦੀ ਹੈ, ਕਿ ਉਹ ਨੌਜਵਾਨਾਂ ਨੂੰ ਔਖੀ ਘਡ਼ੀ 'ਚ ਸੇਧ ਦੇਣ ਲਈ ਅਪਣਾ ਆਪ ਬਚਾਅ ਕੇ ਵਿਚਰਨ, ਇਸ 'ਚ ਹੀ ਪੰਥ ਦੀ ਭਲਾਈ ਹੈ।ਅਚਾਨਕ ਇਕ ਦਿਨ ਭਾਈ ਸਾਹਿਬ ਆਪਣੇ ਘਰ ਨੇਡ਼ੇ ਗੁਰੂ ਨਾਨਕ ਨਗਰ ਵਿਚ ਦਵਾਈ ਲੈਣ ਗਏ ਹੋਏ ਸਨ, ਜਿਸ ਵੇਲੇ ਉਨ੍ਹਾਂ ਤੇ ਘਾਤ ਲਾ ਕੇ ਹਮਲਾ ਕੀਤਾ ਗਿਆ, ਭਾਈ ਸਾਹਿਬ ਜ਼ਖਮੀਂ ਤਾਂ ਹੋਏ, ਪਰ ਹਮਲਾਵਰ ਦੀ ਪਛਾਣ ਹੋ ਗਈ, ਦੋਸ਼ੀ ਨੌਜਵਾਨ, ਵੱਲੋਂ ਭਾਈ ਸਾਹਿਬ ਤੋਂ ਮਾਫ਼ੀ ਮੰਗਣ ਅਤੇ ਅਸਲੀ ਦੋਸ਼ੀਂ ਬਾਰੇ ਦੱਸਣ ਤੇ ਉਸ ਨੂੰ ਮਾਫ਼ ਕਰ ਦਿੱਤਾ ਗਿਆ ਤੇ ਕੋਈ ਕੇਸ ਵੀ ਦਰਜ ਨਹੀਂ ਕਰਵਾਇਆ, ਪਰ ਅਸਲ ਦੋਸ਼ੀ ਨੂੰ ਸੋਧਣ ਲਈ ਜਦ ਖਾਡ਼ਕੂ ਸਿੰਘਾਂ ਨੇ ਭਾਈ ਸਾਹਿਬ ਤੋਂ ਹੁਕਮ ਮੰਗਿਆ ਤਾਂ ਉਨ੍ਹਾਂ ਦਾ ਜਵਾਬ ਸੀ ''ਬਾਬਾ ਭਿੰਡਰਾਂਵਾਲਿਆਂ ਵੇਲੇ ਐਸੇ ਕਈ ਵਾਕਿਆ ਹੋਏ, ਪਰ ਸੰਤਾਂ ਨੇ ਹਰ ਵਾਰੀ ਭਰਾ ਮਾਰੂ ਜੰਗ ਨੂੰ ਟਾਲਦਿਆਂ ਇਹੀ ਕਿਹਾ ਕਿ ਦੁਸ਼ਮਣ ਤਾਂ ਇਹੀ ਚਾਹੁਦਾ ਹੈ'' ਭਾਈ ਸਾਹਿਬ ਮੁਡ਼ ਠੀਕ ਹੋ ਕੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਲਈ ਜੁੱਟ ਪਏ, ਸਰਕਾਰ ਨੇ ਭਾਈ ਸਾਹਿਬ ਦਾ ਲੋਕਾਂ ਦੇ ਦਿਲਾਂ 'ਚ ਸਤਿਕਾਰ ਦਾ ਅਨੁਮਾਨ ਲਗਾ ਲਿਆ ਸੀ, ਇਸ ਲਈ ਭਾਈ ਖਾਲਸਾ ਨੂੰ ਸਰਕਾਰੀ ਗੋਲੀ ਦੀ ਥਾਂ ਆਪਣੇ ਝੋਲੀ ਚੁਕਾ ਰਾਹੀਂ ਸ਼ਹੀਦ ਕਰਵਾਉਣਾ ਠੀਕ ਲੱਗਾ ਅਤੇ ਉਹੀ ਝੋਲੀ ਚੁੱਕ ਜਿਸ ਨੂੰ ਇਹ ਕਹਿ ਕੇ ''ਕਿ ਅਸੀਂ ਭਰਾ ਮਾਰੂ ਜੰਗ ਦੇ ਦੋਸ਼ੀ ਨਹੀਂ ਬਣਨਾ, ਮਾਫ਼ ਕਰ ਦਿੱਤਾ ਸੀ।ਪੰਜਾਬ ਤੋਂ ਦੋ ਸਿੰਘ ਖਾਡ਼ਕੂ ਜੰਮੂ ਸ਼ਸ਼ਤਰ ਲੈਣ ਪੁੱਜੇ ਹੋਏ ਸਨ, ਜਿਨ੍ਹਾਂ ਨੂੰ ਇਕ ਗੱਦਾਰ ਸ਼ਤਰੰਜ ਦੇ ਮੋਹਰਿਆਂ ਵਾਂਗ ਵਰਤ ਗਿਆ, 28 ਦਸੰਬਰ 1991 ਦੇ ਅਭਾਗੇ ਦਿਨ ਜੰਮੂ ਕਸ਼ਮੀਰ ਦੇ ਨੌਜਵਾਨਾਂ ਦੀ ਉਮੀਦ ਦਾ ਇਕੋ ਇਕ ਥੰਮ ਜਿਸ ਨੂੰ ਡੇਗ ਦਿੱਤਾ ਗਿਆ, ਜਦ ਉਨ੍ਹਾਂ ਅਨਜਾਣ ਕਾਤਲ ਨੌਜਵਾਨਾਂ ਨੂੰ ਪਤਾ ਲੱਗਾ ਬਹੁਤ ਦੇਰ ਹੋ ਚੁੱਕੀ, ਕਿ ਉਹ ਕਿੰਨੀ ਵੱਡੀ ਭੁੱਲ ਕਰ ਬੈਠੇ ਹਨ।
ਵੋ ਵਕਤ ਭੀ ਦੇਖੇਂ ਹੈਂ ਤਾਰੀਖ ਕੀ ਰਾਹੋਂ ਨੇ।
ਲਮਹੋਂ ਨੇ ਖ਼ਤਾ ਕੀ, ਸਦੀਓਂ ਨੇ ਸਜ਼ਾ ਪਾਈ ਹੈ,
ਭਾਈ ਖਾਲਸਾ ਦੀ ਸ਼ਹਾਦਤ ਨਿਰਾ ਜੰਮੂ ਕਸ਼ਮੀਰ ਹੀ ਨਹੀਂ ਸਮੁੱਚੀ ਕੌਮ ਲਈ ਵੱਡਾ ਘਾਟਾ ਸੀ, ਜੰਮੂ ਦੇ ਲੋਕ ਕਹਿ ਰਹੇ ਸਨ ਕਿ ''ਰਾਜਾ ਰਣਵੀਰ ਸਿਉਂ' ਤੋਂ ਬਾਅਦ ਭਾਈ ਖਾਲਸਾ ਦੂਜਾ ਐਸਾ ਬੰਦਾ ਹੈ, ਜਿਸ ਦੇ ਸੰਸਕਾਰ ਤੇ 20 ਹਜ਼ਾਰ ਤੋਂ ਵੱਧ ਲੋਕ ਸ਼ਾਮਿਲ ਹੋਏ ਹਨ। ਭੋਗ ਤੇ ਪੁੱਜੇ ਪੰਜਾਬ ਤੋਂ ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ''ਅੱਜ ਬਾਬਾ ਜਰਨੈਲ ਸਿੰਘ ਭਿਡਰਾਂਵਾਲਿਆਂ ਦੀ ਸੋਚ ਦਾ ਕਤਲ ਹੋਇਆ ਹੈ''। ਜੰਮੂ ਤੋਂ ਭਾਈ ਜਸਪਾਲ ਸਿੰਘ ਮੰਗਲ ਅਕਾਲੀ ਦਲ (ਮਾਨ) ਦਾ ਕਹਿਣਾ ਹੈ ਕਿ ਜੰਮੂ ਦੇ ਲੋਕਾਂ ਨੂੰ ਅਜੇ ਤੱਕ ਪਤਾ ਹੀ ਨਹੀਂ ਕਿ ਭਾ. ਖਾਲਸੇ ਦੇ ਰੂਪ ਵਿਚ ਉਨ੍ਹਾਂ ਤੋਂ ਕਿੰਨੀ ਵੱਡੀ ਸ਼ਖਸੀਅਤ ਖੋਹ ਲਈ ਗਈ ਹੈ।''''ਭਾਈ ਖਾਲਸਾ ਜੀ ਦੇ ਨਾਲ ਹੀ ਸੰਘਰਸ਼ ਦੇ ਇਕ ਅਧਿਆਇ ਦਾ ਅੰਤ ਹੋ ਗਿਆ'' ਜਦ ਜੀਵਨੀ ਲਿਖਣ ਤੇ ਹੋਰ ਜਾਣਕਾਰੀ ਲੈਣ ਲਈ ਉਨ੍ਹਾਂ ਦੇ ਘਰ ਪੁੱਜਿਆ, ਤਾਂ ਉਨ੍ਹਾਂ ਦੇ ਪਰਿਵਾਰ ਨੇ ਪੁੱਛਿਆ ਕਿ ਅੱਜ ਪੰਦਰਾਂ ਸਾਲਾਂ ਬਾਅਦ ਕਿਵੇਂ ਯਾਦ ਆ ਗਈ ? ਅਫ਼ਸੋਸ ਕਿ ਇਹ ਕੰਮ ਬਹੁਤ ਪਹਿਲਾਂ ਹੋਣਾ ਚਾਹੀਦਾ ਸੀ। ਪਰਿਵਾਰ ਨੂੰ, ਸ੍ਰ. ਸਿਮਰਨਜੀਤ ਸਿੰਘ ਮਾਨ, ਭਾਈ ਦਲਜੀਤ ਸਿੰਘ ਬਿੱਟੂ ਸ. ਅਤਿੰਦਰਪਾਲ ਸਿੰਘ, ਮਿਲਨ ਆਏ ਅਤੇ ਭਾਈ ਸਾਹਿਬ ਦੇ ਸਾਥੀ ਹਾਈਜੈਕਰਾਂ ਨੇ ਸਵਿਟਰਜ਼ਰਲੈਂਡ ਦੇ ਗੁਰਦੁਆਰਾ ਸਾਹਿਬ 'ਚ ਇਸ ਯੋਧੇ ਦੀ ਭੈਣ (ਜੀ) ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ, ਹੁਣ ਆਖਰ 'ਚ ਮੈਨੂੰ ਇਹ ਕਹਿਣ 'ਚ ਕੋਈ ਸੰਕੋਚ ਨਹੀਂ ਕਿ ਭਾਈ ਖਾਲਸਾ ਵਰਗਾ ਕੋਈ ਆਗੂ ਜੰਮੂ-ਕਸ਼ਮੀਰ 'ਚ ਅੱਜ ਸਾਡੇ ਵਿਚ ਮੌਜੂਦ ਹੁੰਦਾ, ਤਾਂ ਅਸੀਂ ਜੇਲ੍ਹਾਂ ਵਿਚ ਬਚਪਣ ਕੱਟਣ ਤੋਂ ਬਾਅਦ ਅੱਜ ਥਾਣਿਆਂ ਕਚਹਿਰੀਆਂ 'ਚ ਹਾਜ਼ਰੀਆਂ ਭਰਨ ਅਤੇ ਟੱਕੇ-ਟੱਕੇ ਦੇ ਅਖੌਤੀ ਧਾਰਮਿਕ ਆਗੂਆਂ ਵੱਲ ਵੇਖਣ ਲਈ ਮਜ਼ਬੂਰ ਤੇ ਜ਼ਲੀਲ ਨਾ ਹੁੰਦੇ,
ਮੇਰੀ ਮੌਤ ਤੇ ਨਾ ਰੋਇਓ,
ਮੇਰੀ ਸੋਚ ਨੂੰ ਬਚਾਇਓ,
ਮੇਰੇ ਲਹੂ ਦਾ ਕੇਸਰ ਰੇਤੇ,
'ਚ ਨਾ ਰਲਾਇਓ ਰੇਤੇ।
ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਭਾਈ ਸਾਹਿਬ ਜੀ ਦੀ ਸ਼ਾਹਦਤ ਨੂੰ ਸਜਦਾ ਕਰਦਾ ਹੈ ਜੀ |KhalsaRaj131699@gmail.com

Comments

Popular posts from this blog

ਭਾਈ ਜਗਤਾਰ ਸਿੰਘ ਜੱਗੀ ਜੌਹਲ