ਭਾਈ ਹਰਨੇਕ ਸਿੰਘ ਭੱਪ ਜੀ
ਜੈਪੁਰ ਜੇਲ੍ਹ ਤੋਂ ਪੈਰੋਲ ਤੇ ਘਰ ਅਇਆ ਉਮਰਕੈਦੀ ਸਿੱਖ ਜੁਝਾਰੂ-ਭਾਈ ਹਰਨੇਕ ਸਿੰਘ ਭੱਪ
ਸਰਬਜੀਤ ਸਿੰਘ ਘੁਮਾਣ((97819-91622))
...............................
(ਵਿਸੇਸ਼ ਬੇਨਤੀ-ਇਹ ਲਿਖਤ ਵੀਰ ਭੱਪ ਦੇ ਪਹਿਲੀ ਵੇਰ ਪੈਰੋਲ ਆਉਣ ਮੌਕੇ ਲਿਖੀ ਸੀ-ਕਈ ਭੈਣ-ਭਰਾ ਜਿੰਨਾਂ ਨੇ ਉਦੋਂ ਨਹੀ ਸੀ ਪੜ੍ਹੀ ਤੇ ਵੀਰ ਬਾਰੇ ਜਾਨਣ ਦੇ ਇਛੁਕ ਹਨ,ਉਨ੍ਹਾਂ ਦੇ ਕਹਿਣ ਤੇ ਦੁਬਾਰਾ ਪੋਸਟ ਕਰ ਰਹੇ ਹਾਂ ਜੀ!ਧੰਨਵਾਦ_........
9915513506 ਭਾਈ ਹਰਨੇਕ ਸਿੰਘ ਭੱਪ ਨਾਲ ਇਸ ਨੰਬਰ ਤੇ ਗੱਲ ਕਰ ਸਕਦੇ ਹੋ)
...................................
ਸਿਖ ਹਲਕਿਆਂ ਵਿਚ ਭਾਈ ਹਰਨੇਕ ਸਿੰਘ ਭੱਪ ਦੇ ਪੈਰੋਲ ਉਤੇ ਆਉਣ ਅਤੇ ਲੱਗਭੱਗ ਤਿੰਨ ਦਹਾਕਿਆਂ ਮਗਰੋਂ ਆਪਦੀ ਮਾਂ ਨੂੰ ਮਿਲਣ ਦੀ ਬੇਅਥਾਹ ਖੁਸ਼ੀ ਹੈ।ਸਾਰੇ ਸਿਖ ਜਗਤ ਵਿਚ ਉਤਸ਼ਾਹ ਵਾਲ਼ੀ ਲਹਿਰ ਹੈ।
ਜੂਨ ਅਤੇ ਨਵੰਬਰ ੧੯੮੪ ਨੂੰ ਭਾਰਤੀ ਹਕੂਮਤ ਨੇ ਸਿਖ ਕੌਮ ਉਪਰ ਐਹੋ ਜਿਹਾ ਕਹਿਰ ਢਾਹਿਆ ਕਿ ਸਿਖ ਨੌਜਵਾਨੀ ਕੌਮ ਦੀ ਡਿੱਗੀ ਹੋਈ ਪੱਗ ਚੱਕਕੇ ਕੌਮ ਦੇ ਸਿਰ ਤੇ ਸਜਾਉਣ ਲਈ ਮੈਦਾਨ ਵਿਚ ਆਉਣਾ ਪਿਆ।ਸਿਖੀ ਅਤੇ ਸਿਖਾਂ ਉਪਰ ਹੋ ਰਹੇ ਜੁਲਮਾਂ ਖਿਲਾਫ ਨਿਤਰਨ ਵਾਲਿਆਂ ਵਿਚੋਂ ਇਕ ਸਿਖ ਨੌਜਵਾਨ ਹੈ ਸ.ਹਰਨੇਕ ਸਿੰਘ ਉਰਫ ਭੱਪ ਪੁੱਤਰ ਤਾਰਾ ਸਿੰਘ ਪਿੰਡ ਬੁਟਾਹਰੀ, ਥਾਣਾ ਡੇਹਲੋਂ, ਜਿਲ੍ਹਾ ਲੁਧਿਆਣਾ ਜੋ ਇਸ ਸਮੇਂ ਕੇਂਦਰੀ ਜੇਲ੍ਹ ਜੈਪੁਰ ਵਿਚ ਨਜ਼ਰਬੰਦ ਹੈ।ਭਾਈ ਭੱਪ ਦੀ ਕੁੱਲ ਕੈਦ ੧੫ ਸਾਲ ਬਣਦੀ ਹੈ।ਇਸਦਤੋਂ ਪਹਿਲਾਂ ਉਹ ੧੭ ਕੁ ਸਾਲ ਕੌਮ ਦੀ ਸੇਵਾ ਕਰਦਿਆਂ ਘਰ ਨਹੀ ਆ ਸਕੇ।੩੦-੩੨ ਸਾਲ ਬਾਦ ਪਿੰਡ ਆਉਣਾ ਆਪਣੇ ਆਪ ਵਿਚ ਇਕ ਇਤਿਹਾਸ ਹੈ!ਭਾਈ ਹਰਨੇਕ ਸਿੰਘ ਭੱਪ ਦੇ ਪਿਤਾ ਜੀ ਉਹਨਾਂ ਦੀ ਗ੍ਰਿਫਤਾਰੀ ਤੋਂ ਪਹਿਲਾਂ ਹੀ ਅਕਾਲ ਚਲਾਣਾ ਕਰ ਚੁੱਕੇ ਸਨ ਅਤੇ ਮਾਤਾ ਦੀਆਂ ਅੱਖਾਂ ਵੀ ਆਪਣੇ 'ਭੱਪ' ਨੂੰ ਦੇਖਣ ਲਈ ਤਰਸੀਆਂ ਪਈਆਂ ਸਨ ਕਿਉਂਕਿ ਪੰਜਾਬ ਵਿਚ ਹੋਣ ਸਮੇਂ ਤਾਂ ਮਾਤਾ ਲੁਧਿਆਣੇ ਕਚਹਿਰੀ ਜਾਂ ਨਾਭਾ ਜੇਲ੍ਹ ਵਿਚ ਜਾ ਕੇ ਮੁਲਾਕਾਤ ਕਰ ਲੈਂਦੀ ਸੀ ਪਰ ਹੁਣ ਐਡੀ ਦੂਰ ਜਾਣਾ ਮਾਤਾ ਦੀ ਸਿਹਤ ਤੇ ਜੇਬ ਦੋਨੋਂ ਹੀ ਇਜ਼ਾਜ਼ਤ ਨਹੀਂ ਦਿੰਦੀਆਂ।ਮਾਤਾ ਨੂੰ ਵੀ ਆਸ ਸੀ ਕਿ ਉਸਦਾ 'ਭੱਪ* ਛੇਤੀ ਘਰ ਆਵੇਗਾ ।
ਭਾਈ ਭੱਪ ਦਾ ਨਾਂ ਲੈਂਦਿਆਂ ਹੀ ਅੱਖਾਂ ਅੱਗੇ ਉਸ ਦ੍ਰਿੜ,ਮਜਬੂਤ ਅਤੇ ਸਖਤ ਇਰਾਦੇ ਵਾਲੇ ਵਿਅਕਤੀ ਦਾ ਫਿਲਮੀ ਐਕਟਰਾਂ ਵਰਗਾ ਚੇਹਰਾ ਆ ਜਾਂਦਾ ਹੈ ਜੋ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਭਾਈ ਗੁਰਜੰਟ ਸਿੰਘ ਬੁਧ ਸਿੰਘ ਵਾਲਾ ਸਮੇਤ ਓਸ ਵੇਲੇ ਸਾਰੇ ਚੋਟੀ ਦੇ ਜੁਝਾਰੂਆਂ ਦਾ ਸਭ ਤੋਂ ਪਿਆਰਾ ਸੀ।੧੯੮੪ ਤੋਂ ਬਾਅਦ ਕਦੋਂ ਉਹਨੂੰ ਕੌਮੀ ਘਰ ਬਣਾਉਣ ਲਈ ਆਪਣਾ ਘਰ ਤਿਆਗਣਾ ਪਿਆ ਤਾਂ ਉਹ ਅਜੇ ਚੜ੍ਹਦੀ ਜਿਹੀ ਉਮਰ ਦਾ ਗੱਭਰੂ ਸੀ ਜੀਹਦੇ ਹਾਣੀ ਆਮ ਮੁੰਡਿਆਂ ਵਾਲੀਆਂ ਗੱਲਾਂ ਵਿਚ ਖਪੇ ਹੋਏ ਸਨ ਪਰ ਭਾਈ ਭੱਪ ਉਦੋਂ ਵੱਡੀ ਖੇਡ ਖੇਡਣ ਲੱਗ ਪਿਆ ਸੀ।ਪੁਲੀਸ ਦੇ ਜਾਲਮ ਹੱਥਾਂ ਤੋਂ ਦੂਰ ਰਹਿਣ ਵਾਲੇ ਜੁਝਾਰੂਆਂ ਵਿਚੋਂ ਭਾਈ ਭੱਪ ਸ਼ਾਇਦ ਸਭ ਤੋਂ ਵੱਧ ਲੰਮਾ ਸਮਾਂ ਗੁਪਤ ਜੀਵਨ ਜਿਉਣ ਵਾਲਾ ਜੁਝਾਰੂ ਹੋਵੇ।ਉਹਦੀ ਗ੍ਰਿਫਤਾਰੀ ੧੨ ਅਗਸਤ ੨੦੦੪ ਨੂੰ ਪਟਿਆਲਿਓ ਹੋਈ ਸੀ ਤੇ ਫਤਿਹਗੜ ਸਾਹਿਬ ਦੇ ਇਕ ਕੇਸ ਵਿਚ ਨਾਮਜਦ ਕੀਤਾ ਗਿਆ ਸੀ ।ਉਪਰੰਤ ਦਿੱਲੀ, ਲੁਧਿਆਣਾ ਤੇ ਜੈਪੁਰ ਵਿਚ ਕਈ ਕੇਸਾਂ ਵਿਚ ਗ੍ਰਿਫਤਾਰੀਆਂ ਪਾਈਆਂ ਗਈਆਂ ਤੇ ਉਹ ਕਦੀ ਤਿਹਾੜ ਜੇਲ੍ਹ ਦਿੱਲੀ ਤੇ ਕਦੇ ਸਕਿਓਰਟੀ ਜੇਲ੍ਹ ਨਾਭਾ ਤੇ ਹੁਣ ਰਾਜਸਥਾਨ ਦੀ ਕੇਂਦਰੀ ਜੇਲ੍ਹ, ਜੈਪੁਰ ਵਿਚ ਬਤੌਰ ਉਮਰਕੈਦੀ ਬੈਠਾ ਹੈ।ਲੁਧਿਆਣਾ ਦੀ ਟਾਡਾ ਅਦਾਲਤ ਨੇ ਕਤਲ, ਇਰਾਦਾ ਕਤਲ, ਅਸਲਾ-ਬਾਰੂਦ ਤੇ ਟਾਡਾ ਦੇ ੪ ਕੇਸਾਂ ਵਿਚੋਂ ਉਹਨੂੰ ਬਰੀ ਕਰ ਦਿੱਤਾ ਹੈ। ਦਿੱਲੀ ਦੀ ਟਾਡਾ ਅਦਾਲਤ ਨੇ ਵੀ ਉਸਨੂੰ ਮਨਿੰਦਰਜੀਤ ਸਿੰਘ ਬਿੱਟਾ ਉੱਤੇ ਹਮਲੇ ਦੇ ਕੇਸ ਵਿਚੋਂ ਵੀ ਬਰੀ ਕਰ ਦਿੱਤਾ ਹੈ। ਇਹ ਓਹੀ ਕੇਸ ਸੀ ਜਿਸ ਵਿਚ ਪ੍ਰੋ. ਦਵਿੰਦਰਪਾਲ ਸਿੰਘ ਭੂੱਲਰ ਨੂੰ ਪਹਿਲਾਂ ਫਾਂਸੀ ਦੀ ਸਜ਼ਾ ਤੇ ਹੁਣ ਉਮਰ ਕੈਦ ਦੀ ਸਜ਼ਾ ਹੋਈ ਹੈ।ਫਤਿਹਗੜ੍ਹ ਸਾਹਿਬ ਵਾਲੇ ਬਾਰੂਦ ਕੇਸ ਵਿਚ ਉਸਨੂੰ ੭ ਸਾਲ ਸਜ਼ਾ ਹੋਈ ਸੀ ਜੋ ਕਦੇ ਦੀ ਪੂਰੀ ਹੋ ਗਈ ਹੈ ਭਾਵੇਂ ਕਿ ਉਸਦੀ ਅਪੀਲ ਅਜੇ ਤੱਕ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਵਿਚਾਰ-ਅਧੀਨ ਹੈ। ੬ ਅਕਤੂਬਰ ੨੦੧੮ ਨੂੰ ਭਾਈ ਭੱਪ ਨੂੰ ਜੈਪੁਰ ਦੀ ਇਕ ਅਦਾਲਤ ਨੇ ਉਮਰਕੈਦ ਦੀ ਸਜ਼ਾ ਸੁਣਾਈ ।
ਜੈਪੁਰ ਦੀ ਅਦਾਲਤ ਨੇ ਭਾਈ ਹਰਨੇਕ ਸਿੰਘ ਭੱਪ ਨੂੰ ਜਿੰਨਾਂ ਤਿੰਨ ਮੁਕੱਦਮਿਆਂ ਵਿਚ ਸਜ਼ਾ ਸੁਣਾਈ ਹੈ ਉਨਾਂ ਵਿਚ ਅਗਵਾ,ਅਸਲਾ ਬਾਰੂਦ ਤੇ ਪੁਲੀਸ ਮੁਕਾਬਲੇ ਦੇ ਕੇਸ ਹਨ।ਹਕੀਕਤ ਇਹ ਹੈ ਕਿ ੧੯੯੫ ਵਿਚ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਨੂੰ ਜਰਮਨ ਤੋਂ ਭਾਰਤ ਲਿਆਕੇ ਝੂਠੇ ਮੁਕਾਬਲੇ ਵਿਚ ਸ਼ਹੀਦ ਕਰ ਦੇਣ ਦੀ ਸਾਜਿਸ਼ ਦਾ ਜਦ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਸਿੰਘਾਂ ਨੂੰ ਪਤਾ ਲੱਗਾ ਤਾਂ ਉਨਾਂ ਨੇ ਰਾਜਸਥਾਨ ਦੇ ਚੋਟੀ ਦੇ ਕਾਂਗਰਸੀ ਆਗੂ ਰਾਮ ਨਿਵਾਸ ਮਿਰਧਾ ਦੇ ਪੁਤਰ ਰਾਜਿੰਦਰ ਕੁਮਾਰ ਮਿਰਧਾ ਨੂੰ ਅਗਵ੍ਹਾ ਕਰ ਲਿਆ ਤੇ ਪ੍ਰੋ.ਭੁੱਲਰ ਦੀ ਰਿਹਾਈ ਦੀ ਮੰਗ ਰੱਖੀ।ਸਰਕਾਰ ਬੁਰੀ ਤਰਾਂ ਹਿੱਲ ਗਈ ਤੇ ਪ੍ਰੋ.ਸਾਹਿਬ ਨੂੰ ਰਿਹਾਅ ਕਰਨ ਦੀ ਤਿਆਰੀ ਹੋ ਰਹੀ ਸੀ ਕਿ ਸਿੰਘਾਂ ਦੇ ਟਿਕਾਣੇ ਦਾ ਭੇਤ ਖੁੱਲ੍ਹ ਗਿਆ ਜਿਸ ਕਰਕੇ ਉਥੇ ਪੁਲੀਸ ਨੇ ਹਮਲਾ ਬੋਲ ਦਿਤਾ ਤੇ ਭਾਈ ਨਵਨੀਤ ਸਿੰਘ ਕਾਦੀਆਂ ਸ਼ਹੀਦ ਹੋ ਗਏ ਤੇ ਬਾਕੀ ਸਿੰਘ ਨਿਕਲ ਗਏ।ਇਸ ਕੇਸ ਵਿਚ ਹੁਣ ਭਾਈ ਭੱਪ ਨੂੰ ਉਮਰਕੈਦ ਹੋਈ ਹੈ ਤਾਂ ਉਹ ਵਾਹਿਗੁਰੂ ਦੇ ਸ਼ੁਕਰਗੁਜਾਰ ਹਨ ਕਿ ਬੇਸ਼ੱਕ ਸਾਨੂੰ ਕਸ਼ਟ ਕੱਟਣੇ ਪਏ ਪਰ ਪ੍ਰੋ.ਭੁੱਲਰ ਤਾਂ ਚੜ੍ਹਦੀ ਕਲਾ ਵਿਚ ਹਨ।ਯਕੀਨਨ ਭਾਈ ਭੱਪ ਹੋਰਾਂ ਦੀ ਟੀਮ ਮਿਰਧੇ ਦਾ ਅਗਵ੍ਹਾ ਨਾ ਕਰਦੀ ਤਾਂ ਸਰਕਾਰ ਨੇ ਝੂਠੇ ਮੁਕਾਬਲੇ ਵਿਚ ਪ੍ਰੋ.ਭੁੱਲਰ ਨੂੰ ਵੀ ਹੋਰ ਹਜਾਰਾਂ ਵਾਂਗ ਸ਼ਹੀਦ ਕਰਕੇ ਕਹਿ ਦੇਣਾ ਸੀ ਕਿ ਅਸਲੇ ਦੀ ਬਰਾਮਦਗੀ ਲਈ ਲਿਜਾ ਰਹੇ ਸਾਂ ਕਿ ਭੁਲਰ ਸਾਹਿਬ ਦੇ ਸਾਥੀ ਖਾੜਕੂਆਂ ਨੇ ਛੁਡਵਾਉਣ ਲਈ ਹਮਲਾ ਕਰ ਦਿਤਾ ਤੇ ਮੌਕੇ ਦਾ ਲਾਭ ਉਠਾਕੇ ਪ੍ਰੋ.ਭੁੱਲਰ ਹਥਕੜੀਆਂ ਸਮੇਤ ਭੱਜਣ ਲੱਗੇ ਸਨ ਕਿ ਦੁਵੱਲੀ ਫਾਇਰਿੰਗ ਵਿਚ ਉਨਾਂ ਨੂੰ ਜਾਨਲੇਵਾ ਗੋਲ਼ੀਆਂ ਲੱਗ ਗਈਆਂ।ਇਸ ਮੁਲਕ ਦੇ ਮੀਡੀਏ ਨੇ ਇਹ ਸਭ ਕੁਝ ਇਸ ਤਰੀਕੇ ਨਾਲ ਪੇਸ਼ ਕਰਨਾ ਸੀ ਕਿ ਲੋਕਾਂ ਨੇ ਸੱਚ ਮੰਨ ਲੈਣਾ ਸੀ।ਪਰ ਜਦ ਸਿੰਘਾਂ ਨੇ ਮਿਰਧੇ ਦਾ ਅਗਵ੍ਹਾ ਕਰ ਲਿਆ ਤਾਂ ਬੇਸ਼ੱਕ ਪ੍ਰੋ.ਭੁਲੱਰ ਨੂੰ ਛੁਡਵਾਇਆ ਤਾਂ ਨਹੀ ਜਾ ਸਕਿਆ ਪਰ ਉਨਾਂ ਦੇ ਝੂਠੇ ਮੁਕਾਬਲੇ ਦੇ ਆਸਾਰ ਵੀ ਖਤਮ ਹੋ ਗਏ।ਅੱਜ ਭਾਈ ਭੱਪ ਨੂੰ ਖੁਸ਼ੀ ਹੈ ਕਿ ਉਹ ਭੁਲਰ ਸਾਹਿਬ ਨੂੰ ਬਚਾਉਣ ਦੇ ਮਿਸ਼ਨ ਨੂੰ ਪੂਰਾ ਕਰ ਸਕੇ।ਜਦ ਇਸ ਬਾਰੇ ਤੇ ਹੋਰ ਅਹਿਮ ਘਟਨਾਵਾਂ ਬਾਰੇ ਆਪਣੇ ਜਜਬਾਤ ਸਾਂਝੇ ਕਰਦਾ ਹੋਵੇ ਤਾਂ ਉਹਦੇ ਬੋਲ,ਉਹਦੀ ਨਜ਼ਰ ਤੇ ਉਹਦੀ ਗੱਲ ਤੁਹਾਨੂੰ ਕੀਲਕੇ ਰੱਖ ਦਿੰਦੇ ਹਨ।ਉਹ ਸੱਚ ਬੋਲਦਾ ਹੈ,ਸਿਰਫ ਸੱਚ।ਝੂਠੀ,ਦੋਹਰੇ ਅਰਥਾਂ ਵਾਲੀ,ਨੀਵੀਂ ਗੱਲ ਦੀ ਉਹਦੇ ਕੋਲ ਕੋਈ ਥਾਂ ਹੀ ਨਹੀ।ਹਰ ਵੇਲੇ ਇਕ ਮੁਸਕਾਣ ਉਹਦੇ ਚੇਹਰੇ ਤੇ ਹੱਸਦੀ ਹੋਈ ਉਨਾਂ ਸਾਰੇ ਕਸ਼ਟਾਂ,ਸੰਤਾਪ ਤੇ ਤਸ਼ੱਦਦ ਦਾ ਮਜਾਕ ਜਿਹਾ ਉੜਾਉਂਦੀ ਹੈ ਜਿਹੜੇ ਉਹਨੇ ਭੋਗੇ ਹਨ।
ਭਾਈ ਹਰਨੇਕ ਸਿੰਘ ਭੱਪ ਦਾ ਕਹਿਣਾ ਹੈ ਕਿ ਉਨਾਂ ਨੇ ਜੋ ਕੀਤਾ ਹੈ ਉਹਦੇ ਤੇ ਸਾਨੂੰ ਫਖਰ ਹੈ।ਉਨਾਂ ਕਿਹਾ ਕਿ ਅਸੀਂ ਉਹ ਕੀਤਾ ਜਿਸਦੀ ਸਾਡੀ ਕੌਮ ਨੂੰ ਉਸ ਵੇਲੇ ਲੋੜ ਸੀ।ਉਨਾਂ ਕਿਹਾ ਕਿ ਜੈਪੁਰ ਦੇ ਜਿਸ ਮੁਕਦੱਮੇ ਵਿਚ ਉਨਾਂ ਨੂੰ ਦੋਸ਼ੀ ਗਰਦਾਨਿਆ ਗਿਆ ਹੈ ਇਹ ਮਿਰਧਾ ਕਾਂਡ ਹੈ ਤੇ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਨੂੰ ਬਚਾਉਣ ਲਈ ਇਸ ਕਾਂਡ ਦੀ ਬਹੁਤ ਲੋੜ ਸੀ।ਉਨਾਂ ਕਿਹਾ ਕਿ ਉਨਾਂ ਨੂੰ ਆਪਣੀ ਜਵਾਨੀ ਜੇਲਾਂ ਵਿਚ ਬੀਤਣ ਦਾ ਗਮ ਨਹੀ ਪਰ ਮੇਰਾ ਯਾਰ, ਪ੍ਰੋ ਭੁੱਲਰ ਜਿਉਂਦਾ ਜਾਗਦਾ ਘਰ ਪਹੁੰਚਣ ਦੀ ਖੁਸ਼ੀ ਹੈ।ਉਨਾਂ ਕਿਹਾ ਕਿ ਮੈਂ ਤਾਂ ਯਾਰੀ ਨਿਭਾਈ ਹੈ ਤੇ ਅੱਜ ਜਦ ਭੁੱਲਰ ਸਾਹਿਬ ਬ ਜਿਉਂਦੇ ਜਾਗਦੇ ਬੈਠੇ ਹਨ ਤਾਂ ਮੇਰੇ ਮਨ ਨੂੰ ਤਸੱਲੀ ਹੈ ਕਿ ਸਾਡੀ ਸੇਵਾ ਦਾ ਸੱਚਾ-ਸੁੱਚਾ ਮੁੱਲ ਪਿਆ ਹੈ।
ਆਮ ਲੋਕ ਹੈਰਾਨ ਸਨ ਕਿ ਭਾਈ ਭੱਪ ਦੇ ਚੇਹਰੇ ਤੇ ਉੱਕਾ ਈ ਕੋਈ ਮਲਾਲ ਨਹੀ ।ਪੂਰੀ ਚੜ੍ਹਦੀ ਕਲਾ ਵਿਚ ,ਬਹੁਤ ਖੁਸ਼ਗਵਾਰ ਮਹੌਲ ਵਿਚ ਖੁੱਲਦਿਲੇ ਤੇ ਹਸੱਮੁਖ ਸੁਭਾਅ ਵਾਲੇ ਭਾਈ ਭੱਪ ਨੇ ਹਰੇਕ ਨੂੰ ਕਾਇਲ ਕੀਤਾ ਹੈ ਤੇ ਉਸਨੂੰ ਮਿਲਣ ਵਾਲੇ ਗੈਰ-ਸਿੱਖ ਵੀ ਸਿਖਾਂ ਦੀ ਦਿਲੇਰੀ,ਕੌਮ-ਪ੍ਰਸਤੀ ਤੇ ਧਰਮ ਲਈ ਕੁਰਬਾਨੀ ਦੇ ਜ਼ਜ਼ਬੇ ਤੋਂ ਬਲਿਹਾਰ ਜਾ ਰਹੇ ਸਨ।
ਮੇਰਾ ਭਾਈ ਭੱਪ ਨਾਲ ਮਿਲਾਪ ਨਾਭੇ ਜੇਲ ਵਿਚ ਹੋਇਆ।ਉਹ ਠੋਸ ਤੇ ਸਪਸ਼ਟ ਗੱਲ ਕਰਨ ਵਾਲੀ ਇਹੋ ਜਿਹੀ ਸਖਸ਼ੀਅਤ ਸੀ ਕਿ ਇਕਦਮ ਮੈਂ ਉਹਨੂੰ ਪਸੰਦ ਕਰਨ ਲੱਗ ਪਿਆ।ਉਹਨੇ ਮੈਨੂੰ ਉਹ ਗੱਲ ਸਮਝਾਈਆਂ ਜੀਹਦੇ ਨਾਲ ਜੇਲ੍ਹ ਸੌਖੀ ਕੱਟੀ ਜਾ ਸਕਦੀ ਸੀ।ਉਹ ਹਰ ਹਾਲ ਵਿਚ,ਹਰ ਮਹੌਲ ਵਿਚ ਸਬਰ-ਸੰਤੋਖ ਨਾਲ ਜਿਉਣ ਵਾਲਾ ਬੰਦਾ ਹੈ ਜੋ ਹੱਸਣਾ ਜਾਣਦਾ ਹੈ।ਜਦ ਸਾਨੂੰ ਹਾਸਾ ਆ ਰਿਹਾ ਹੈ,ਉਦੋਂ ਹੱਸ ਲੈਣਾ ਹੋਰ ਗੱਲ ਹੈ ਪਰ ਕੋਈ ਹੋਰ ਜਿੰਨਾਂ ਗੱਲਾਂ ਕਰਕੇ ਰੋਣ ਲੱਗ ਪਵੇ,ਭਾਈ ਭੱਪ ਤਾਂ ਉਨਾਂ ਗੱਲਾਂ ਤੇ ਵੀ ਹੱਸ ਸਕਦਾ ਹੈ।ਦੁਖਾਂ ਨੂੰ ਪੈਰਾਂ ਦੀ ਅੱਡੀਆ ਹੇਠ ਮਸਲਕੇ ਹੱਸਣ ਵਾਲੀ ਇਸ ਸਖਸ਼ੀਅਤ ਦੇ ਹਾਸੇ ਪਿਛੇ ਦੁੱਖਾਂ-ਦਰਦਾਂ ਤੇ ਤਕਲੀਫਾਂ ਦਾ ਜਿਸ ਪਹਾੜ ਦੀ ਦਾਸਤਾਨ ਹੈ,ਉਹ ਬਹੁਤ ਘੱਟ ਲੋਕ ਜਾਣਦੇ ਹਨ।ਹੋਰ ਕੋਈ ਹੋਵੇ ਤਾਂ ਆਪਣੇ ਲਈ ਹਮਦਰਦੀ ਪੈਦਾ ਕਰਨ ਲਈ ਵੈਰਾਗ ਨਾਲ ਇਹੋ ਜਿਹੀ ਗੱਲ ਸੁਣਾਵੇ ਪਰ ਭਾਈ ਭੱਪ ਤਾਂ ਹੋਰ ਹੀ ਮਿੱਟੀ ਦਾ ਬੰਦਾ ਹੈ।ਉਹ ਨਹੀ ਚਾਹੁੰਦਾ ਕਿ ਲੋਕ ਸਾਡੇ ਵੱਲ ਤਰਸ ਭਰੀਆ ਨਜਰਾਂ ਨਾਲ ਵੇਖਣ।ਉਹਨੂੰ ਆਪਣੀ ਤੇ ਪੂਰੀ ਕੌਮ ਦੇ ਮਾਣ,ਅਣਖ ਤੇ ਗੈਰਤ ਦੀ ਹਰ ਵੇਲੇ ਚਿੰਤਾ ਰਹਿੰਦੀ ਹੈ।ਪੰਜਾਬ ਤੋਂ ਕੋਹਾਂ ਦੂਰ ਜਿਥੇ ਗੈਰ ਸਿਖ ਤੇ ਗੈਰ ਪੰਜਾਬੀ ਲੋਕਾਂ ਦਾ ਹੀ ਬੋਲਬਾਲਾ ਹੈ,ਉਥੇ ਭਾਈ ਭੱਪ ਸਾਰੇ ਸਿਖ ਸਮਾਜ ਦਾ ਪ੍ਰਤੀਨਿਧ ਬਣਕੇ ਜੇਲ੍ਹ-ਬੰਦੀਆਂ ਵਿਚ ਸਿਖਾਂ ਦਾ ਦੂਤ ਬਣਿਆ ਹੋਇਆ ਹੈ।ਉਹਦੇ ਨਾਲ ਤਰੀਕਾਂ ਭੁਗਤਾਉਣ ਵਾਲੇ ਪੁਲੀਸ ਵਾਲੇ ਵੀ ਉਹਦੇ ਸੁਭਾਅ ਤੇ ਆਦਤਾਂ ਦੇ ਮੁਰੀਦ ਹਨ ।
ਸਿਖ ਸੰਘਰਸ਼ ਵਿਚ ਕੁਦਣ ਵੇਲੇ ਉਹ ਬੇਹੱਦ ਜਜਬਾਤੀ ਸੀ ਤੇ ਭਾਰਤੀ ਹਕੂਮਤ ਦੇ ਜੁਲਮਾਂ ਦੀ ਪੀੜ ਸਹਾਰਨੀ ਉਹਦੇ ਲਈ ਮੁਸ਼ਕਿਲ ਸੀ।ਅਨੇਕਾਂ ਅਹਿਮ ਘਟਨਾਵਾਂ ਵਿਚ ਸ਼ਮੂਲ਼ੀਅਤ ਕਰਨ ਵਾਲੇ ਇਸ ਜੁਝਾਰੂ ਦੇ ਪਰਿਵਾਰ ਨੂੰ ਹਕੂਮਤੀ ਦਹਿਸ਼ਤਗਰਦੀ ਦਾ ਅਣਕਿਆਸਾ ਜੁਲਮ ਝੱਲਣਾ ਪਿਆ।ਉਸਦੀ ਮਾਤਾ ਉਪਰ ਸਿਰੇ ਦਾ ਜੁਲਮ ਢਾਹਿਆ ਗਿਆ।ਚਾਰ-ਪੰਜ ਸਾਲ ਤਾਂ ਮਾਤਾ ਥਾਣਿਆਂ-ਹਵਾਲਾਤਾਂ ਵਿਚ ਹੀ ਰੁਲ਼ਦੀ ਰਹੀ।ਜੋ ਤਸੀਹੇ ਉਨਾਂ ਦਿਨਾਂ ਵਿਚ ਬੁਚੜਖਾਨਿਆਂ ਵਿਚ ਹਰ ਸਿਖ ਨੂੰ ਝੱਲਣੇ ਪੈਂਦੇ ਸੀ,ਉਹ ਸਾਰੇ ਮਾਤਾ ਉਪਰ ਵਰਤੇ ਗਏ।ਚੱਡੇ ਪਾੜੇ ਗਏ,ਘੋਟਣੇ ਲਾਏ ਗਏ,ਹਰ ਤਰਾਂ ਜਲੀਲ ਕੀਤਾ ਗਿਆ ਤੇ ਨਿਰਦਈ ਬਣਕੇ ਕੁਟਾਪਾ ਕੀਤਾ ਗਿਆ।ਮਾਤਾ ਜੀ ਨਾਲ ਜੋ ਕੁਝ ਬੁੱਚੜਾਂ ਨੇ ਕੀਤਾ ਉਹ ਲਿਖਣਾ ਵੀ ਔਖਾ ਹੈ ਪਰ ਧੰਨ ਹੈ ਉਹ ਮਾਤਾ ਜੀਹਨੇ ਆਪਣੇ ਪੁਤ ਅਤੇ ਕੌਮ ਲਈ ਸਭ ਕੁਝ ਝੱਲਿਆ।ਇਹ ਸਭ ਕੁਝ ਅੱਡ-ਅੱਡ ਥਾਣਿਆਂ ਵਿਚ ਚਾਰ ਸਾਲ ਚੱਲਿਆ।ਚਾਰ ਸਾਲ ਮਾਤਾ ਨੂੰ ਬਿਨਾ-ਕਸੂਰ ਤੋਂ ਇਹ ਭਾਰਤੀ ਨਿਜਾਮ ਕੋਂਹਦਾ ਰਿਹਾ।ਚਾਰ ਸਾਲ ਬਾਦ ਇਕ ਐਸ.ਐਸ.ਪੀ.ਖੁਦ ਮਾਤਾ ਨੂੰ ਪਿੰਡ ਬੁਟਾਹਰੀ ਘਰ ਛੱਡਣ ਆਇਆ।ਘਰ ਦਾ ਕੱਖ ਨਹੀ ਸੀ ਰਿਹਾ।ਦਰਵਾਜੇ ਨਹੀ,ਬਾਰੀ ਨਹੀ,ਛੱਤ ਨਹੀ।ਨਿਰਾ ਖੰਡਰ ਸੀ ਘਰ। ਉਹ ਮਾਤਾ ਜਿਹੜੀ ੧੬ ਏਕੜਾਂ ਦੀ ਮਾਲਕ ਰਹੀ ਸੀ,ਉਹਨੂੰ ਸਰਪੰਚ ਦੇ ਘਰ ਕੰਮ ਕਰਕੇ ਰੋਟੀ ਖਾਣੀ ਪਈ।ਇਹੀ ਜੁਲਮ ਉਹਦੇ ਮਾਤਾ ਦੇ ਦੂਜੇ ਪੁਤਾਂ ਨਾਲ ਵਾਪਰਿਆ।ਮਾਤਾ ਦਾ ਇਕ ਪੁਤ (ਭਾਈ ਹਰਨੇਕ ਸਿੰਘ ਭੱਪ )ਤਾਂ ਜੁਝਾਰੂ ਸਰਗਰਮੀਆਂ ਵਿਚ ਸੀ ਪਰ ਉਸਦੇ ਬਾਕੀ ਦੋਨਾਂ ਪੁਤਾਂ ਉਪਰ ਜੋ ਹਨੇਰੀ ਝੁੱਲੀ,ਉਹਦੀ ਦਾਸਤਾਨ ਬਿਆਨ ਕਰਨੀ ਕਿਸੇ ਦੇ ਵੱਸ ਦੀ ਗੱਲ ਨਹੀ। ਪੁਲੀਸ ਦੀ ਅੰਨ੍ਹੀ ਕੁੱਟ ਨੇ ਉਨਾਂ ਨੂੰ ਸੁੰਨ-ਮ-ਸੁੰਨ ਕਰ ਦਿਤਾ ।ਰੋਟੀ ਖਾਣ ਤੋਂ ਬਿਨਾਂ ਹੋਰ ਕੱਖ ਨਹੀ ਪਤਾ।ਉਨਾਂ ਦੀ ਮਾਨਸਿਕ ਦਸ਼ਾ ਨੀਮ-ਪਾਗਲਾਂ ਵਰਗੀ ਬਣਾ ਦਿਤੀ ਗਈ।ਹੋਏ,ਨਾ-ਹੋਏ ਇਕ ਬਰੋਬਰ।ਮਾਤਾ ਜੀ ਤੇ ਉਸਦੇ ਇਨਾਂ ਦੋਨਾਂ ਪੁਤਾਂ ਦੇ ਧੁਰ ਅੰਦਰੋਂ ਇਹ ਹੂਕ ਉਠਦੀ ਤਾਂ ਹੋਵੇਗੀ ਕਿ ਜੇ 'ਭੱਪ'ਨੇ ਕੁਝ ਕੀਤਾ ਵੀ ਹੈ ਤਾਂ ਇਸ ਲਈ ਸਾਡਾ ਕੀ ਕਸੂਰ?
ਖਾੜਕੂ ਲਹਿਰ ਨਾਲ ਸਬੰਧਤ ਰਹੇ ਸਾਰੇ ਲੋਕ ਜਾਣਦੇ ਨੇ ਕਿ ਵਰ੍ਹਿਆਂ ਲੰਮੀ ਜੇਲ੍ਹ ਕੱਟਣੀ ਸੌਖੀ ਹੈ ਪਰ ਥਾਣਿਆਂ,ਸੀ.ਆਈ.ਏ ਸਟਾਫ ਤੇ ਹੋਰ ਬੁਚੜਖਾਨਿਆਂ ਵਿਚ ਕੁਝ ਦਿਨ ਗੁਜਾਰਨੇ ਵੀ ਕਿੰਨੇ ਔਖੇ ਹਨ।ਜਿੰਨੀ ਮੇਰੇ ਵਰਗੇ ਦੀ ਕੁੱਲ ਕੈਦ ਬਣਦੀ ਹੋਵੇਗੀ ਉਹਦੇ ਨਾਲੋਂ ਕਿਤੇ ਵੱਧ ਤਾਂ ਭਾਈ ਭੱਪ ਦੀ ਮਾਤਾ ਦੀ ਥਾਣਿਆਂ ਦੀ ਹਵਾਲਾਤ ਬਣਦੀ ਹੈ।ਥਾਣਿਆਂ ਵਿਚ ਹਰ ਪਲ ਇਕ ਸਹਿਮ ਤੇ ਦਹਿਸ਼ਤ ਹੇਠ ਲੰਘਦਾ ਹੁੰਦਾ ਹੈ ਕਿ ਪਤਾ ਨਹੀ ਕਦੋਂ ਬੱਕਰੇ ਵਾਂਗ ਹਲਾਲ ਕਰ ਲਈ ਢਾਹ ਲੈਣਾ ਹੈ।ਨਾਲ ਦੀ ਹਵਾਲਾਤ ਵਿਚੋਂ ਕਿਸੇ ਨੂੰ ਕੱਢਣ ਆਏ ਪੁਲਸੀਆਂ ਦੇ ਪੈਰਾਂ ਦੀ ਪੈੜਚਾਲ ਹੀ ਲਹੂ ਸੁਕਾਈ ਰੱਖਦੀ ਹੈ।ਕਿਸੇ ਪੁਲਸੀਏ ਦੀ ਸਾਧਾਰਨ ਆਵਾਜ਼ ਹੀ ਤਰਾਹ ਕੱਢੀ ਰੱਖਦੀ ਹੈ।ਪਰ ਦਹਿਸ਼ਤ,ਡਰ,ਸਹਿਮ ਤੇ ਆਰੇ ਦੀ ਦੰਦਿਆਂ ਉਪਰ ਜਿਉਂਦੇ ਪਲਾਂ ਨੂੰ ਭਾਈ ਭੱਪ ਦੀ ਮਾਤਾ ਨੇ ਸਾਲਾਂ ਤੱਕ ਹੰਢਾਇਆ ਹੈ।ਜਦ ਮੈਂ ਮਾਤਾ ਜੀ ਨੂੰ ਮਿਲਣ ਪਿੰਡ ਗਿਆ ਤਾਂ ਓਸ ਢੱਠੇ ਜਿਹੇ ਘਰ ਵਿਚ ਮਾਂ ਦੀਆਂ ਅੱਖਾਂ ਵੱਲ ਝਾਕਣ ਦੀ ਹਿੰਮਤ ਹੀ ਨਹੀ ਸੀ ਪੈਂਦੀ।ਮਾਤਾ ਨੇ ਸਿਖੀ ਦੀ ਸ਼ਾਨ ਲਈ ਆਪਣਾ ਸਭ ਕੁਝ ਦਾਅ ਉਪਰ ਲਾ ਦਿਤਾ।
ਉਜਾੜਾ ਸਬਦ ਲਿਖਣਾ ਤੇ ਬੋਲਣਾ ਬੜਾ ਸਹਿਜ ਹੈ ਪਰ ਜੇ ਉਜਾੜਾ ਦੇਖਣਾ ਹੋਵੇ ਤਾਂ ਬੁਟਾਹਰੀ ਪਿੰਡ ਵਿਚ ਸੂਬੇਦਾਰ ਸ.ਤਾਰਾ ਸਿੰਘ ਦੇ ਘਰ ਗੇੜਾ ਮਾਰਕੇ ਆਓ।ਜਿਹੜੇ ਕਹਿੰਦੇ ਰਹਿੰਦੇ ਨੇ ਕਿ ਖਾੜਕੂਆਂ ਨੇ ਲੁੱਟਾਂ-ਖੋਹਾਂ ਕਰਕੇ ਬਹੁਤ ਪੈਸਾ ਇਕੱਠਾ ਕੀਤਾ ਤੇ ਕੋਠੀਆਂ-ਕਾਰਾਂ ਬਣਾ ਲਈਆਂ,ਉਹ ਜਾਕੇ ਪੜਤਾਲ ਕਰ ਲੈਣ ਕਿ ਕਿਵੇਂ ਇਸ ਜੁਝਾਰੂ ਦੀ ਮਾਂ ਦਿਨ ਕੱਟਦੀ ਰਹੀ ਤੇ ਕਿਵੇਂ ਡਿਗਦੀ ਛੱਤ ਹੇਠ ਰਾਤਾਂ ਕੱਟਦੀ ਰਹੀ ਤੇ ਜਦ ਮੀਂਹ ਆ ਜਾਂਦਾ ਤਾਂ ਖੂੰਜੇ ਲੱਗਕੇ ਰਾਤ ਕੱਟ ਲੈਂਦੀ।ਉਹ ਵੀ ਦਿਨ ਸਨ ਜਦ ਲੋਕ ਸਰਕਾਰੀ ਦਹਿਸ਼ਤ ਕਾਰਨ ਮਾਤਾ ਨੂੰ ਬੁਲਾਉਂਣ ਤੋਂ ਵੀ ਡਰਦੇ ਸੀ ਕਿਉਂਕਿ ਪੁਲੀਸ ਅਕਸਰ ਹੀ ਪਿੰਡ ਦੇ ਲੋਕਾਂ ਨੂੰ ਫੜਕੇ ਕੁਟਾਪਾ ਚਾੜ੍ਹਦੀ ਰਹਿੰਦੀ ਸੀ।ਕੌਣ ਬਿਗਾਨੀ ਅੱਗ ਵਿਚ ਮੱਚਦਾ ਹੈ? ਉਹ ਦਿਨ ਅਜਿਹੇ ਸਨ ਕਿ ਪੁਲਸ ਨੂੰ ਹਰ ਹੱਕ ਸੀ ਤੇ ਜਦ ਚਾਹੁਣ ਕਿਸੇ ਨੂੰ ਚੁਕਕੇ ਮਾਰਨ ਜਾਂ ਝੂਠਾ ਕੇਸ ਪਾਉਣ ਦੀ ਖੁੱਲ੍ਹ ਸੀ।ਐਹੋ ਜਿਹੇ ਦਿਨਾਂ ਵਿਚ ਕੌਣ ਕਹੇ ਕਿ ਮਾਤਾ,ਸਾਡੇ ਘਰ ਪੈ ਜਾਇਆ ਕਰ।
ਸਤਾਰਾਂ ਸਾਲ ਭਾਈ ਭੱਪ ਸਿਖ ਸੰਘਰਸ਼ ਵਿਚ ਸਰਗਰਮ ਰਹਿਣ ਮਗਰੋਂ ਜਦ ਪੁਲੀਸ ਦੇ ਹੱਥ ਚੜ੍ਹ ਗਿਆ ਤਾਂ ਉਸਦੇ ਜਾਣਕਾਰ ਗਵਾਹੀ ਦਿੰਦੇ ਸਨ ਕਿ ਅੱਜਤੱਕ ਇਕ ਰੁਪਈਆ ਵੀ ਘਰ ਨਹੀ ਭੇਜਿਆ।ਸਰਕਾਰ ਨੇ ਉਸਦੇ ਸਿਰ ਦਾ ੨੦ ਲੱਖ ਇਨਾਮ ਰੱਖਿਆ ਹੋਇਆ ਸੀ।ਮੰਡੀ ਅਹਿਮਦਗੜ੍ਹ ਦੇ ਇਲਾਕੇ ਵਿਚ ਕਿਸੇ ਵੀ ਹਿੰਦੂ ਦੁਕਾਨਦਾਰ ਨੂੰ ਭਾਈ ਭੱਪ ਦੇ ਹੁੰਦਿਆਂ ਕਦੇ ਕਿਸੇ ਲੁਟੇਰੇ ਦਾ ਡਰ ਨਹੀ ਸੀ ਹੁੰਦਾ।ਸਾਰਾ ਇਲਾਕਾ ਗਵਾਹ ਸੀ ਕਿ ਭਾਈ ਭੱਪ ਨੇ ਨਿਸ਼ਕਾਮ ਤੇ ਨਿਰਸਵਾਰਥ ਹੋਕੇ ਸੇਵਾ ਕੀਤੀ ਹੈ।ਸਰਕਾਰ ਨੇ ਉਸਨੂੰ ਵੱਖ-ਵੱਖ ਜੇਲਾਂ ਵਿਚ ਰੱਖਿਆ।ਮੁਕਦੱਮਿਆਂ ਦੀ ਲੰਮੀ ਤੇ ਥਕਾ ਦੇਣ ਵਾਲੀ ਲੜੀ ਸ਼ੁਰੂ ਹੋਗਈ।ਕਦੇ ਕੋਈ ਮੁਕਦੱਮਾ,ਕਦੇ ਕੋਈ।
ਭਾਈ ਹਰਨੇਕ ਸਿੰਘ ਭੱਪ ਦੀ ਮਾਤਾ ਤੇ ਉਸਦੇ ਭਰਾਵਾਂ ਉਪਰ ਬੇਤਹਾਸ਼ਾ ਜੁਲਮ ਕਰਨ ਵਾਲੇ ਪੁਲਸੀਏ ,ਉਨਾਂ ਦੇ ਪਰਿਵਾਰ ਤੇ ਉਨਾਂ ਦੇ ਰਿਸ਼ਤੇਦਾਰ ਕਦੇ ਜਵਾਬ ਦੇਣਗੇ ਕਿ ਇੰਨਾਂ ਬੇਦੋਸ਼ਿਆਂ ਉਪਰ ਕਹਿਰ ਕਰਨ ਨਾਲ ਉਨਾਂ ਨੇ ਕੀ ਖੱਟ ਲਿਆ? ਕੀ ਉਨਾਂ ਪੁਲਸੀਆਂ ਨੂੰ ਕਦੇ ਖੁਦ ਉਪਰ ਸ਼ਰਮ ਆਈ ਹੋਵੇਗੀ? ਕੀ ਕਦੇ ਉਨਾ ਦੇ ਬੱਚਿਆਂ ਨੇ ਜਾਂ ਘਰਵਾਲੀ ਨੇ ਕਿਹਾ ਹੋਵੇਗਾ ਕਿ ਗੁਜਾਰਾ ਤਾਂ ਤੁਹਾਡੀ ਤਨਖਾਹ ਨਾਲ ਹੀ ਜਾਣਾ ਸੀ,ਆਹ ਅੱਤਿਆਚਾਰ ਕਾਹਦੇ ਲਈ ਕਰਦੇ ਰਹੇ? ਉਨਾਂ ਦੇ ਰਿਸ਼ਤੇਦਾਰ ਕਦੇ ਕਹਿਣਗੇ ਕਿ ਸਾਨੂੰ ਸ਼ਰਮ ਆਂਉਂਦੀ ਹੈ ਕਿ ਬੇਦੋਸ਼ਿਆਂ ਨੂੰ ਕੋਹਣ ਵਾਲਾ ਇਹ ਬੁੱਚੜ ਪੁਲਸੀਆਂ ਸਾਡਾ ਰਿਸ਼ਤੇਦਾਰ ਹੈ।
ਅੱਜ ਭਾਈ ਭੱਪ ਜੈਪੁਰ ਜੇਲ ਵਿਚੋਂ ਪੈਰੋਲ ਉਤੇ ਘਰ ਆਇਆ ਹੈ ਪਰ ਪੰਜਾਬ ਤੋਂ ਦੂਰ ਜੈਪੁਰ ਜੇਲ ਵਿਚ ਵੀ ਉਹ ਵਾਹਿਗੁਰੂ ਦਾ ਸ਼ੁਕਰ ਗੁਜਾਰ ਹੈ ਕਿ ਕੌਮ ਦੀ ਸੇਵਾ ਕੀਤੀ ਹੈ।ਪਰ ਕਦੇ ਕਦਾਈ ਤਾਂ ਉਹਦੇ ਦਿਲ ਵਿਚ ਖਿਆਲ ਆਂਉਂਦਾ ਹੀ ਹੋਵੇਗਾ ਕਿ ਜਿਸ ਕੌਮ ਲਈ ਘਰ-ਬਾਰ ਛੱਡਿਆ,ਜਿਸ ਕੌਮ ਲਈ ਮਾਪਿਆਂ ਤੇ ਭਰਾਵਾਂ ਨੇ ਜੁਲਮ ਝੱਲਿਆ ਕੀ ਉਸ ਕੌਮ ਨੂੰ ਪਤਾ ਵੀ ਹੈ ਕਿ ਉਹ ਜੈਪੁਰ ਜੇਲ ਦੀਆਂ ਕਾਲ ਕੋਠੜੀਆਂ ਪਿਛੇ ਨਜਰਬੰਦ ਹੈ। ਹੁਣ ਐਡੀ ਦੂਰ ਉਹਦੀ ਮਾਤਾ ਤਾਂ ਵਾਰ-ਵਾਰ ਜਾ ਨਹੀ ਜਾ ਸਕਦੀ।ਕੀ ਕਿਸੇ ਦੇ ਦਿਲ ਵਿਚ ਆਇਆ ਕਿ ਜੇ ਏਹਦੇ ਭਰਾ ਠੀਕ ਹੁੰਦੇ ਤਾਂ ਆਪੇ ਪੈਰਵਾਈ ਕਰਦੇ,ਪਰ ਜੇ ਉਹ ਕੁਝ ਕਰਨ ਜੋਗੇ ਨਹੀ ਤਾਂ ਮੈਂ ਖੁਦ ਕਿਉਂ ਨਾ ਤਰੀਕ ਵਾਲੇ ਦਿਨ ਅਦਾਲਤ ਚਲਾ ਜਾਇਆਂ ਕਰਾਂ।ਅਦਾਲਤਾਂ ਵਿਚ ਤਾਂ ਵਕੀਲ ਵੀ ਖੁਦ ਸੱਦਕੇ ਲਿਆਉਣੇ ਪੈਂਦੇ ਨੇ।ਕੀ ਜੈਪਰ ਦੇ ਕਿਸੇ ਸਿਖ ਦੇ ਮਨ ਵਿਚ ਆਇਆ ਹੋਵੇਗਾ ਕਿ ਵਕੀਲ ਨੂੰ ਹੀ ਅਵਾਜ਼ ਮਾਰ ਦਿਆਂ ਕਰਾਂਗੇ।ਪਰ ਭਾਈ ਭੱਪ ਨੂੰ ਪਿਆਰ ਕਰਨ ਵਾਲੇ,ਉਹਦੇ ਕੌਮੀ ਜਜਬੇ ਦੀ ਕਦਰ ਕਰਨ ਵਾਲੇ,ਉਹਦੀ ਪੰਥਕ ਘਾਲਣਾ ਨੂੰ ਸਲਾਮ ਕਰਨ ਵਾਲੇ ਜੈਪੁਰ ਵੀ ਪਹੁੰਚਦੇ ਰਹੇ।ਹੁਣ ਪੈਰੋਲ ਮਿਲ ਗਈ ਹੈ ਤਾਂ ਉਹਦੇ ਦੋਸਤ ਤੇ ਸਾਥੀ ਜੇਲ੍ਹ ਬਦਲੀ ਕਰਵਾਕੇ ਪੰਜਾਬ ਲਿਆਉਣ ਲਈ ਕਾਨੂੰਨੀ ਚਾਰਾਜੋਈ ਕਰਨ ਦੀ ਲੋੜ ਹੈ।
ਦੁਨੀਆਂ ਭਰ ਵਿਚ ਬੈਠੇ ਸਿਖਾਂ ਨੂੰ ਭਾਈ ਭੱਪ ਤੇ ਇਹੋ ਜਿਹੇ ਹੋਰ ਸਿਖਾਂ ਲਈ ਅਰਦਾਸ ਕਰਨੀ ਚਾਹੀਦੀ ਹੈ ।ਸਾਨੂੰ ਚਾਹੀਦਾ ਹੈ ਕਿ ਅਸੀਂ ਕਿਸੇ ਨਾ ਕਿਸੇ ਤਰਾਂ ਭਾਈ ਭੱਪ ਵਰਗਿਆ ਨੂੰ ਅਹਿਸਾਸ ਕਰਵਾਈਏ ਕਿ ਅਸੀਂ ਤੁਹਾਨੂੰ ਭੁੱਲ ਨਹੀ ਸਕਦੇ ਤੇ ਅਸੀਂ ਹਰ ਵੇਲੇ ਤੁਹਾਨੂੰ ਯਾਦ ਕਰਦੇ ਹਾਂ।
..............................................................
Comments
Post a Comment