ਸ਼ਹੀਦ ਭਾਈ ਹੀਰਾ ਸਿੰਘ
"ਮੈਨੂੰ ਮੇਰੇ ਪਿੰਡ ਦੇ ਨੇੜੇ ਮਾਰਿਓ ਤਾਂ ਕਿ ਮੇਰੀ ਮਾਂ ਮੈਨੂੰ ਲੱਭਦੀ ਨਾ ਫਿਰੇ…। " "ਤੁਸੀਂ ਮੈਨੂੰ ਮਾਰਨਾ ਤਾਂ ਹੈ ਹੀ, ਪਰ ਏਨਾ ਕੁ ਕਰਿਓ ਕਿ ਮੈਨੂੰ ਮੇਰੇ ਪਿੰਡ ਦੇ ਨੇੜੇ ਲਿਜਾ ਕੇ ਮਾਰਿਓ, ਤਾਂ ਕਿ ਮੇਰੀ ਮਾਂ ਨੂੰ ਮੇਰੀ ਲਾਸ਼ ਵੇਖ ਕੇ ਮੇਰੀ ਮੌਤ ਦਾ ਪਤਾ ਲੱਗ ਜਾਵੇ, ਨਹੀਂ ਤਾਂ ਉਹ ਮੈਨੂੰ ਪਤਾ ਨਹੀਂ ਕਿੱਥੇ-ਕਿੱਥੇ ਲੱਭਦੀ ਫਿਰੂਗੀ…।" ਇਹ ਸ਼ਬਦ ਸਨ, ਗੁਰਦਾਸਪੁਰ ਜ਼ਿਲ੍ਹੇ ਦੀ ਬਟਾਲਾ ਤਹਿਸੀਲ ਅਧੀਨ ਪੈਂਦੇ ਪਿੰਡ ਕਿਲ੍ਹਾ ਲਾਲ਼ ਸਿੰਘ ਦੇ ਗੱਭਰੂ ਹੀਰਾ ਸਿੰਘ ਦੇ, ਜਿਹੜੇ ਕਿ ਉਸ ਨੇ ਫੱਟਾਂ ਨਾਲ਼ ਭੰਨੇ ਹੋਏ ਨੇ ਪੁਲਿਸ ਦੀ ਹਿਰਾਸਤ ਵਿੱਚ, ਪੁਲਿਸ ਅਫ਼ਸਰਾਂ ਨੂੰ ਕਹੇ ਸਨ। ਹੀਰਾ ਸਿੰਘ ਨੂੰ ਇਸ ਹਕੀਕਤ ਦਾ ਪਤਾ ਸੀ ਕਿ ਪੁਲਿਸ ਵਾਲ਼ੇ, ਕਤਲ ਕੀਤੇ ਜਾਣ ਵਾਲ਼ੇ ਸਿੱਖ ਗੱਭਰੂਆਂ ਦੇ ਮਾਪਿਆਂ ਨੂੰ ਉਹਨਾਂ ਦੀਆਂ ਲਾਸ਼ਾਂ ਤਾਂ ਕੀ, ਮਾਰੇ ਜਾਣ ਦੀ ਖ਼ਬਰ ਤਕ ਵੀ ਨਹੀਂ ਦਿੰਦੇ। ਪੁਲਿਸ ਹਿਰਾਸਤ ਵਿੱਚ ਤਸ਼ੱਦਦ ਝੱਲ ਰਿਹਾ ਗੱਭਰੂ ਹੀਰਾ ਸਿੰਘ ਇਸ ਹਕੀਕਤ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਇਸੇ ਲਈ ਹੀ ਉਸ ਨੇ ਕਿਹਾ ਸੀ ਕਿ ਮੈਨੂੰ ਜੇ ਮਾਰਨਾ ਹੈ ਤਾਂ ਮੇਰੇ ਪਿੰਡ ਦੇ ਨੇੜੇ ਲਿਜਾ ਕੇ ਮਾਰਿਓ। ਪਰ ਅਫ਼ਸੋਸ, ਬੁੱਚੜ ਪੁਲਸੀਆਂ ਨੇ ਉਸ ਦੀ ਇਹ ਆਖ਼ਰੀ ਖਾਹਿਸ਼ ਵੀ ਪੂਰੀ ਨਾ ਕੀਤੀ। ਪਰ ਇੱਕ ਪੁਲਿਸ ਮੁਲਾਜ਼ਮ, ਜਿਸ ਦੀ ਛਾਤੀ ਚੀਰ ਗਏ ਸਨ ਇਹ ਬੋਲ, ਉਹ ਇੱਕ ਪੁੱਤ ਨੂੰ ਉਸ ਦੇ ਮਾਪਿਆਂ ਤਕ ਤਾਂ ਨਹੀਂ ਪਹੁੰਚਾ ਸਕਿਆ, ਪਰ ਉਸ ਨੇ ਭਾਈ ਹੀਰਾ ਸਿੰਘ ਦੇ ਪੁਲਿਸ ਹਿਰਾਸਤ ਵਿੱਚ ਮਾਰੇ ਜਾਣ ਤੋਂ ਬਾਅਦ ਉਸ ਦੇ ਇਹ ਕਹੇ ਹੋਏ ਉਕਤ ਬੋਲ ਉਸਦੇ ਮਾਤਾ-ਪਿਤਾ ਤਕ ਪਹੁੰਚਾ ਦਿੱਤੇ। ਭਾਵੇਂ ਕਿ ਭਾਈ ਹੀਰਾ ਸਿੰਘ ਦੀ ਮਾਤਾ ਬੀਬੀ ਜਗੀਰ ਕੌਰ ਨੂੰ ਉਸ ਦਾ ਪੁੱਤ ਤਾਂ ਨਹੀਂ ਮਿਲ਼ ਸਕਿਆ, ਪਰ ਫਿਰ ਵੀ ਉਹ ਉਹਨਾਂ ਸੈਂਕੜੇ ਸ਼ਹੀਦ ਸਿੰਘਾਂ ਦੀਆਂ ਮਾਂਵਾਂ ਨਾਲ਼ੋਂ ਇਸ ਪੱਖੋਂ ਖੁਸ਼ਕਿਸਮਤ ਕਹਿ ਸਕਦੇ ਹਾਂ ਕਿ ਉਸ ਨੂੰ ਆਪਣੇ ਪੁੱਤ ਦੀ ਮੌਤ ਦੀ ਖ਼ਬਰ ਤਾਂ ਮਿਲ਼ ਗਈ। ਹਜ਼ਾਰਾਂ ਸਿੱਖ ਗੱਭਰੂਆਂ ਦੇ ਮਾਪਿਆਂ ਨੂੰ ਤਾਂ ਅੱਜ ਤਕ ਆਪਣੇ ਪੁੱਤਾਂ ਦੀ ਮੌਤ ਦੀ ਖ਼ਬਰ ਤਕ ਵੀ ਨਹੀਂ ਮਿਲ਼ ਸਕੀ। ਹਜ਼ਾਰਾਂ ਲੱਖਾਂ ਸਿੱਖ ਗੱਭਰੂ ਹਕੂਮਤ ਦੀ ਇਸ ਜ਼ੁਲਮੀ ਹਨੇਰੀ ਨੂੰ ਠੱਲ੍ਹਦੇ ਸ਼ਹੀਦ ਹੋ ਗਏ, ਪਰ ਮਰਨ ਵੇਲ਼ੇ ਉਹਨਾਂ ਨੂੰ ਇੱਕ ਤਸੱਲੀ ਹੁੰਦੀ ਸੀ ਕਿ ਸਾਡੀ ਕੌਮ ਸਾਡੀ ਸ਼ਹਾਦਤ ਦਾ ਮੁੱਲ ਜ਼ਰੂਰ ਪਾਵੇਗੀ, ਸਿੱਖਾਂ ਦਾ ਕੌਮੀ ਘਰ ਜ਼ਰੂਰ ਬਣੇਗਾ। ਸ਼ਾਇਰ 'ਸਰਦਾਰ ਪੰਛੀ' ਦੀਆਂ ਸਤਰਾਂ ਯਾਦ ਆਉਂਦੀਆਂ ਹਨ: ਵੋਹ ਹਿਰਾਸਤ ਮੇਂ ਜੋ ਇਨਸਾਨ ਲਿਯੇ ਜਾਤੇ ਹੈਂ, ਅਪਨੀ ਤਫ਼ਰੀਹ ਕਾ ਸਾਮਾਨ ਲਿਯੇ ਜਾਤੇ ਹੈਂ। ਕੱਲ ਜਿਸੇ ਘਰ ਸੇ ਉਠਾ ਲੇ ਗਈ ਖ਼ਾਕੀ ਵਰਦੀ, ਆਜ ਮਾਂ ਬਾਪ ਉਸੇ ਸ਼ਮਸ਼ਾਨ ਲਿਯੇ ਜਾਤੇ ਹੈਂ। ਬਾਅਦ ਮੁਠਭੇੜ ਕੇ ਤਮਗ਼ੇ ਯਿਹ ਤਰੱਕੀ ਦੇਖੋ, ਮਰਨੇ ਵਾਲ਼ੇ ਹੀ ਕਾ ਅਹਿਸਾਨ ਲਿਯੇ ਜਾਤੇ ਹੈਂ। ਜਿਸਮ ਛਲਨੀ ਹੈ, ਪਰ ਹਾਥ ਰਹੇ ਸੀਨੇ ਪਰ, ਹਾਏ ! ਦਿਲ ਮੇਂ ਕੋਈ ਅਰਮਾਨ ਲਿਯੇ ਜਾਤੇ ਹੈਂ।
Comments
Post a Comment